ਪੱਕੇ ਕਿਰਤੀਆਂ ਨੂੰ ਹਟਾ ਕੇ ਠੇਕੇਦਾਰੀ ਸਿਸਟਮ ਲਾਗੂ ਕਰਨਾ ਗ਼ੈਰ-ਕਾਨੂੰਨੀ : ਚੁੱਗ
ਪੱਕੇ ਕਿਰਤੀਆਂ ਨੂੰ ਹਟਾ ਕੇ ਠੇਕੇਦਾਰੀ ਸਿਸਟਮ ਲਾਗੂ ਕਰਨਾ ਗ਼ੈਰ-ਕਾਨੂੰਨੀ : ਵਿਨੋਦ ਚੁੱਗ (ਏਟਕ)
Publish Date: Mon, 09 Mar 2026 05:45 PM (IST)
Updated Date: Mon, 09 Mar 2026 05:48 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸਿੱਖਿਆ ਸੰਸਥਾਨ ਵਰਕਰ ਯੂਨੀਅਨ ਏਟਕ ਡੇਰਾਬੱਸੀ ਦੀ ਅਹਿਮ ਬੈਠਕ ਡੇਰਾਬੱਸੀ-ਗੁਲਾਬਗੜ੍ਹ ਰੋਡ ਸਥਿਤ ਕਾਮਰੇਡ ਰਤਨ ਭਵਨ ਵਿਖੇ ਕੀਤੀ ਗਈ। ਇਸ ਬੈਠਕ ਵਿਚ ਸੁਖਮਨੀ ਗਰੁੱਪ ਆਫ਼ ਇੰਸਟੀਚਿਊਸ਼ਨ (ਸੁਖਮਨੀ ਇੰਟਰਨੈਸ਼ਨਲ ਸਕੂਲ) ਦੀ ਮੈਨੇਜਮੈਂਟ ਵੱਲੋਂ 2 ਮਾਰਚ ਨੂੰ 15 ਕਰਮਚਾਰੀਆਂ ਨੂੰ ਕਥਿਤ ਤੌਰ ’ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਨੌਕਰੀ ਤੋਂ ਬਰਖਾਸਤ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ। ਇਸ ਬੈਠਕ ਵਿਚ ਪੰਜਾਬ ਏਟਕ ਦੇ ਉਪ ਪ੍ਰਧਾਨ ਵਿਨੋਦ ਚੁੱਗ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਬੈਠਕ ਨੂੰ ਸੰਬੋਧਨ ਕਰਦਿਆਂ ਵਿਨੋਦ ਚੁੱਗ ਨੇ ਕਿਹਾ ਕਿ ਪ੍ਰਬੰਧਕਾਂ ਵੱਲੋਂ ਪਿਛਲੇ 20-25 ਸਾਲਾ ਤੋਂ ਸੇਵਾਵਾਂ ਨਿਭਾ ਰਹੇ ਪੱਕੇ ਕਰਮਚਾਰੀਆਂ ਨੂੰ ਹਟਾ ਕੇ ਉਨ੍ਹਾਂ ਦੀ ਜਗ੍ਹਾ ਠੇਕੇਦਾਰ ਦੇ ਕਰਮਚਾਰੀ ਲਗਾਉਣਾ ਉਦਯੋਗਿਕ ਵਿਵਾਦ ਐਕਟ 1947 ਦੀ ਧਾਰਾ 25-ਟੀ ਅਤੇ 25-ਯੂ ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਗ਼ੈਰ-ਕਾਨੂੰਨੀ ਤਰੀਕੇ ਨਾਲ ਕੱਢੇ ਗਏ ਕਰਮਚਾਰੀਆਂ ਨੂੰ ਤੁਰੰਤ ਨੌਕਰੀ ’ਤੇ ਪਿਛਲੀ ਤਨਖਾਹ ਸਹਿਤ ਬਹਾਲ ਕੀਤਾ ਜਾਵੇ। ਉਨ੍ਹਾਂ ਲੇਬਰ ਕਮਿਸ਼ਨਰ ਪੰਜਾਬ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਬੰਧਕਾਂ ਖ਼ਿਲਾਫ਼ ਤੁਰੰਤ ਚਾਲਾਨ ਪੇਸ਼ ਕਰਕੇ ਸਖ਼ਤ ਸਜ਼ਾ ਯਕੀਨੀ ਨਾ ਬਣਾਈ ਗਈ, ਤਾਂ 12 ਮਾਰਚ ਨੂੰ ਕੰਪਨੀ ਪ੍ਰਬੰਧਕਾਂ ਅਤੇ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਖ਼ਿਲਾਫ਼ ਇਕ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ, ਤਾਂ ਜੋ ਭਵਿੱਖ ਵਿਚ ਕੋਈ ਵੀ ਪ੍ਰਬੰਧਕ ਪੱਕੇ ਕਿਰਤੀਆਂ ਦਾ ਹੱਕ ਮਾਰ ਕੇ ਠੇਕੇਦਾਰੀ ਸਿਸਟਮ ਲਾਗੂ ਕਰਨ ਦੀ ਹਿੰਮਤ ਨਾ ਕਰ ਸਕੇ। ਇਸ ਬੈਠਕ ਵਿਚ ਸੁਰਿੰਦਰ ਸਿੰਘ ਜੜੋਤ, ਦਵਿੰਦਰ ਸਿੰਘ ਜੜੋਤ (ਕੁੱਲ ਹਿੰਦ ਕਿਸਾਨ ਸਭਾ), ਜਸਪਾਲ ਸਿੰਘ ਦੱਪਰ (ਸੀਪੀਆਈ), ਕਾਕਾ ਸਿੰਘ ਸਰਪੰਚ ਜਵਾਹਰਪੁਰ, ਯੂਨੀਅਨ ਪ੍ਰਧਾਨ ਜੋਗਾ ਸਿੰਘ, ਬਲਜੀਤ ਸਿੰਘ, ਕਮਲਜੀਤ ਸਿੰਘ ਅਤੇ ਸਤਵਿੰਦਰ ਸਿੰਘ ਸਮੇਤ ਹੋਰ ਸਹਿਯੋਗੀ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ। ਇਨ੍ਹਾਂ ਸਾਰੇ ਆਗੂਆਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਐਲਾਨ ਕੀਤਾ ਕਿ ਉਹ ਕਿਰਤੀਆਂ ਨਾਲ ਹੋ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ ਅਤੇ ਜਦੋਂ ਤਕ ਕਰਮਚਾਰੀਆਂ ਦੀ ਮੁੜ ਬਹਾਲੀ ਨਹੀਂ ਹੁੰਦੀ, ਇਹ ਸੰਘਰਸ਼ ਜਾਰੀ ਰਹੇਗਾ। ਯੂਨੀਅਨ ਆਗੂਆਂ ਨੇ ਦੱਸਿਆ ਕਿ ਪ੍ਰਬੰਧਕ 2013 ਦੇ ਸਮਝੌਤੇ ਦੀ ਉਲੰਘਣਾ ਕਰਦਿਆਂ ਕਰਮਚਾਰੀਆਂ ਦੇ ਬੱਚਿਆਂ ਤੋਂ ਫੀਸਾਂ ਦੀ ਮੰਗ ਕਰ ਰਹੇ ਹਨ। ਇਸ ਵਿਰੁੱਧ 12 ਮਾਰਚ ਨੂੰ ਸਵੇਰੇ ਸਾਰੇ ਕਿਰਤੀ ਡੇਰਾਬੱਸੀ ਬੱਸ ਸਟੈਂਡ ਤੇ ਇਕੱਠੇ ਹੋਣਗੇ ਅਤੇ ਉੱਥੋਂ ਐੱਸਡੀਐੱਮ ਦਫ਼ਤਰ ਡੇਰਾਬੱਸੀ ਤੱਕ ਪੈਦਲ ਮਾਰਚ ਕਰਕੇ ਵਿਸ਼ਾਲ ਰੈਲੀ ਕੀਤੀ ਜਾਵੇਗੀ।