ਖ਼ਬਰ ਦਾ ਅਸਰ : ਹਰਕਤ ’ਚ ਆਇਆ ਪ੍ਰਸ਼ਾਸਨ, ਤਹਿਸੀਲ ਕੰਪਲੈਕਸ ਦੇ ਗੇਟ ਅੱਗੇ ਬੰਦ ਪਏ ਸੀਵਰੇਜ ਦੀ ਸਫ਼ਾਈ ਸ਼ੁਰੂ
ਖ਼ਬਰ ਦਾ ਅਸਰ : ਹਰਕਤ ਵਿਚ ਆਇਆ ਪ੍ਰਸ਼ਾਸਨ,
Publish Date: Thu, 15 Jan 2026 05:29 PM (IST)
Updated Date: Thu, 15 Jan 2026 05:30 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਦੇ ਤਹਿਸੀਲ ਕੰਪਲੈਕਸ ਦੇ ਮੁੱਖ ਗੇਟ ਅੱਗੇ ਲੰਮੇ ਸਮੇਂ ਤੋਂ ਬੰਦ ਪਈ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਪ੍ਰਕਾਸ਼ਿਤ ਕੀਤੀ ਗਈ ਖ਼ਬਰ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ। ਪੰਜਾਬੀ ਜਾਗਰਣ ਅਖਬਾਰ ਵਿਚ ਖ਼ਬਰ ਨਸ਼ਰ ਹੋਣ ਤੋਂ ਤੁਰੰਤ ਬਾਅਦ ਨਗਰ ਕੌਂਸਲ ਦੇ ਅਧਿਕਾਰੀ ਹਰਕਤ ਵਿਚ ਆ ਗਏ ਅਤੇ ਵੀਰਵਾਰ ਨੂੰ ਨਗਰ ਕੌਂਸਲ ਦੀ ਟੀਮ ਮੌਕੇ ਤੇ ਪਹੁੰਚ ਕੇ ਸੀਵਰੇਜ ਨੂੰ ਠੀਕ ਕਰਨ ਦੇ ਕੰਮ ਵਿਚ ਜੁਟ ਗਈ। ਤਹਿਸੀਲ ਕੰਪਲੈਕਸ ਦੇ ਗੇਟ ਅੱਗੇ ਲੰਮੇ ਸਮੇਂ ਤੋਂ ਸੀਵਰੇਜ ਦਾ ਪਾਣੀ ਜਮ੍ਹਾਂ ਹੋਣ ਕਾਰਨ ਇੱਥੇ ਆਉਣ-ਜਾਣ ਵਾਲੇ ਲੋਕਾਂ ਅਤੇ ਵਕੀਲਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੀਵਰੇਜ ਜਾਮ ਹੋਣ ਕਾਰਨ ਫੈਲੀ ਗੰਦਗੀ ਅਤੇ ਬਦਬੂ ਨੇ ਬਿਮਾਰੀਆਂ ਫ਼ੈਲਣ ਦਾ ਡਰ ਪੈਦਾ ਕਰ ਦਿੱਤਾ ਸੀ। ਮੀਡੀਆ ਵਿਚ ਮਾਮਲਾ ਆਉਣ ਤੋਂ ਬਾਅਦ ਨਗਰ ਕੌਂਸਲ ਦੇ ਕਰਮਚਾਰੀ ਆਪਣੇ ਸੰਦ ਲੈ ਕੇ ਮੌਕੇ ਤੇ ਪਹੁੰਚੇ ਅਤੇ ਬੰਦ ਪਈਆਂ ਪਾਈਪਾਂ ਨੂੰ ਖੋਲ੍ਹਣ ਦਾ ਕੰਮ ਸ਼ੁਰੂ ਕੀਤਾ। ਸਥਾਨਕ ਲੋਕਾਂ ਦਾ ਕਹਿਣਾ ਕਿ ਇਹ ਸਮੱਸਿਆ ਕਾਫ਼ੀ ਸਮੇਂ ਤੋਂ ਬਣੀ ਹੋਈ ਸੀ, ਜਿਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸੀ। ਖ਼ਬਰ ਲੱਗਣ ਤੋਂ ਬਾਅਦ ਹੀ ਪ੍ਰਸ਼ਾਸਨ ਦੀ ਨੀਂਦ ਖੁੱਲ੍ਹੀ ਹੈ। ਉਹ ਉਮੀਦ ਕਰਦੇ ਹਨ ਕਿ ਹੁਣ ਇਸ ਦਾ ਪੱਕਾ ਹੱਲ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਥੇ ਤਹਿਸੀਲ ਕੰਪਲੈਕਸ ਦੀ ਇਮਾਰਤ ਵਿਚ ਦਸ ਦੇ ਕਰੀਬ ਮਾਨਯੋਗ ਜੱਜ ਤੈਨਾਤ ਹਨ ਅਤੇ ਇਸ ਦੇ ਨਾਲ ਪਟਵਾਰੀ, ਤਹਿਸੀਲਦਾਰ ਅਤੇ ਹੋਰ ਸਟਾਫ਼ ਵੀ ਮੌਜੂਦ ਹੈ। ਜਿਥੇ ਹਰ ਰੋਜ਼ ਸੈਂਕੜੇ ਲੋਕ ਆਪਣੇ ਕੰਮਾਂ ਦੇ ਸਿਲਸਿਲੇ ਵਿਚ ਆਉਂਦੇ ਹਨ। ਇਸ ਦੇ ਨਾਲ ਪੁਲਿਸ ਦੇ ਕਈ ਵੱਡੇ ਅਧਿਕਾਰੀ ਵੀ ਤਹਿਸੀਲ ਕੰਪਲੈਕਸ ਵਿਚ ਆਉਂਦੇ ਰਹਿੰਦੇ ਹਨ। ਇਸ ਦੇ ਬਾਵਜੂਦ ਵੀ ਲੰਮੇ ਸਮੇਂ ਤੋਂ ਬੰਦ ਪਈ ਸੀਵਰੇਜ ਨੂੰ ਖੋਲ੍ਹਣ ਵਿਚ ਦੇਰੀ ਹੋਈ। ਨਗਰ ਕੌਂਸਲ ਦੇ ਕਰਮਚਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਸੀਵਰੇਜ ਲਾਈਨ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਦੁਬਾਰਾ ਇਸ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।