ਇਮੀਗ੍ਰੇਸ਼ਨ ਕੰਪਨੀ ਕਰੋੜਾਂ ਰੁਪਏ ਠੱਗ ਕੇ ਫ਼ਰਾਰ
ਸੀਪੀ-67 ਮਾਲ ਦੀ ਇਮੀਗ੍ਰੇਸ਼ਨ ਕੰਪਨੀ ਕਰੋੜਾਂ ਰੁਪਏ ਠੱਗ ਕੇ ਫ਼ਰਾਰ, ਨਾਮ ਬਦਲ-ਬਦਲ ਕੇ ਚਲਾ ਰਹੇ ਸੀ ਧੰਦਾ
Publish Date: Mon, 02 Feb 2026 10:04 PM (IST)
Updated Date: Mon, 02 Feb 2026 10:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਵਿਚ ਇਮੀਗ੍ਰੇਸ਼ਨ ਫਰਾਡ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਤਾਜ਼ਾ ਮਾਮਲਾ ਸੈਕਟਰ-67 ਸਥਿਤ ਸੀਪੀ-67 ਮਾਲ ਦੀ ਇਕ ਕੰਪਨੀ ਨਾਲ ਜੁੜਿਆ ਹੈ, ਜਿੱਥੇ ਇਮੀਗ੍ਰੇਸ਼ਨ ਏਜੰਟ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫ਼ਰਾਰ ਹੋ ਗਏ ਹਨ। ਇਸ ਸਬੰਧੀ ਸੋਸ਼ਲ ਮੀਡੀਆ ਇਨਫਲੂਐਂਸਰ ਰਫ਼ਤਾਰ ਸਿੰਘ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਉਸ ਨੇ ਮੁਲਜ਼ਮਾਂ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਪੁਲਿਸ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਚੁੱਕੇ ਹਨ। ਵੀਡੀਓ ਵਿਚ ਕੀਤੇ ਦਾਅਵਿਆਂ ਅਨੁਸਾਰ ਮੁੱਖ ਮੁਲਜ਼ਮ ਕਰਨਵੀਰ ਸਿੰਘ ਅਤੇ ਉਸ ਦੇ ਸਾਥੀ ਨੇ ਠੱਗੀ ਮਾਰਨ ਲਈ ਕਈ ਵਾਰ ਕੰਪਨੀਆਂ ਦੇ ਨਾਮ ਬਦਲੇ ਜਿ੍ਨ੍ਹਾਂ ਵਿਚ ਪਹਿਲਾ ਦਫ਼ਤਰ ਫੇਜ਼-3ਬੀ2 ਵਿਚ ਰਿਚਮੰਡ ਇਮੀਗ੍ਰੇਸ਼ਨ ਦੇ ਨਾਮ ਤੇ ਖੋਲ੍ਹਿਆ, ਜਿੱਥੇ 2-3 ਕਰੋੜ ਦੀ ਠੱਗੀ ਮਾਰ ਕੇ ਦਫ਼ਤਰ ਬੰਦ ਕਰ ਦਿੱਤਾ। ਦੂਜਾ ਦਫ਼ਤਰ ਸੀਪੀ-67 ਮਾਲ ਦੀ 7ਵੀਂ ਮੰਜ਼ਿਲ ਤੇ ਸ਼ਾਈਨ ਵੀਜ਼ਾ ਦੇ ਨਾਮ ਤੇ ਖੋਲ੍ਹਿਆ, ਉੱਥੇ ਵੀ ਕਰੋੜਾਂ ਦੀ ਠੱਗੀ ਮਾਰੀ। ਤੀਜਾ ਦਫ਼ਤਰ ਹੁਣ ਸੀਪੀ-67 ਦੀ 9ਵੀਂ ਮੰਜ਼ਿਲ ਤੇ ਆਲਵੇਜ਼ ਵੀਜ਼ਾ ਦੇ ਨਾਮ ਤੇ ਨਵਾਂ ਦਫ਼ਤਰ ਖੋਲ੍ਹ ਕੇ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਸੀ। ਥਾਣਾ ਫੇਜ਼-11 ਦੇ ਐੱਸਐੱਚਓ ਅਮਨ ਬੈਦਵਾਨ ਨੇ ਦੱਸਿਆ ਕਿ ਕਰਨਵੀਰ ਸਿੰਘ ਖ਼ਿਲਾਫ਼ ਪਹਿਲਾਂ ਵੀ ਧੋਖਾਧੜੀ ਦਾ ਕੇਸ ਦਰਜ ਸੀ, ਪਰ ਉਹ ਜ਼ਮਾਨਤ ’ਤੇ ਸੀ। ਕਰੀਬ ਇੱਕ ਹਫ਼ਤਾ ਪਹਿਲਾਂ ਉਸ ਖ਼ਿਲਾਫ਼ ਇੱਕ ਹੋਰ ਨਵਾਂ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਸ਼ਾਈਨ ਵੀਜ਼ਾ ਦਾ ਦਫ਼ਤਰ ਪਹਿਲਾਂ ਹੀ ਬੰਦ ਕਰਵਾ ਦਿੱਤਾ ਗਿਆ ਸੀ ਅਤੇ ਹੁਣ ਨਵੇਂ ਖੁੱਲ੍ਹੇ ਦਫ਼ਤਰਾਂ ਦੀ ਵੀ ਜਾਂਚ ਕੀਤੀ ਜਾਵੇਗੀ। ਮੁਹਾਲੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਇਮੀਗ੍ਰੇਸ਼ਨ ਕੰਪਨੀ ਨੂੰ ਪੈਸੇ ਦੇਣ ਤੋਂ ਪਹਿਲਾਂ ਉਸਦਾ ਲਾਇਸੈਂਸ ਅਤੇ ਪਿਛੋਕੜ ਜ਼ਰੂਰ ਚੈੱਕ ਕਰਨ।