ਹਾਈ ਟੈਂਸ਼ਨ ਖੰਭਿਆਂ ਨੇੜਿਓਂ ਨਾਜਾਇਜ਼ ਮਿੱਟੀ ਦੀ ਪੁਟਾਈ, ਵੱਡੇ ਹਾਦਸੇ ਦਾ ਖ਼ਦਸ਼ਾ
ਹਾਈ ਟੈਂਸ਼ਨ ਖੰਭਿਆਂ ਨੇੜਿਓਂ ਨਾਜਾਇਜ਼ ਮਿੱਟੀ ਦੀ ਪੁਟਾਈ, ਵੱਡੇ ਹਾਦਸੇ ਦਾ ਖ਼ਦਸ਼ਾ
Publish Date: Mon, 02 Mar 2026 07:18 PM (IST)
Updated Date: Mon, 02 Mar 2026 07:19 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸਬ ਡਵੀਜ਼ਨ ਡੇਰਾਬੱਸੀ ਅਧੀਨ ਆਉਂਦੇ ਪਿੰਡ ਬੀਜਣਪੁਰ ਵਿਚ ਬਿਜਲੀ ਦੇ ਹਾਈ ਟੈਂਸ਼ਨ ਖੰਭਿਆਂ ਦੇ ਬਿਲਕੁਲ ਨੇੜਿਓਂ ਨਾਜਾਇਜ਼ ਤਰੀਕੇ ਨਾਲ ਚੁੱਕੀ ਜਾ ਰਹੀ ਮਿੱਟੀ ਕਾਰਨ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਮਿੱਟੀ ਦੀ ਇਸ ਅੰਨ੍ਹੇਵਾਹ ਖ਼ੁਦਾਈ ਕਾਰਨ ਬਿਜਲੀ ਦੇ ਵੱਡੇ ਖੰਭਿਆਂ ਦੀ ਨੀਂਹ ਕਮਜ਼ੋਰ ਹੋ ਗਈ ਹੈ, ਜੋ ਕਿਸੇ ਵੀ ਵੇਲੇ ਕਿਸੇ ਭਿਆਨਕ ਹਾਦਸੇ ਦਾ ਸਬੱਬ ਬਣ ਸਕਦੀ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਇੱਥੇ ਨਾਜਾਇਜ਼ ਮਾਈਨਿੰਗ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਖੰਭਿਆਂ ਦੇ ਆਲੇ-ਦੁਆਲੇ ਤੋਂ ਕਈ ਫੁੱਟ ਡੂੰਘੀ ਮਿੱਟੀ ਕੱਢ ਲਈ ਗਈ ਹੈ। ਜੇਕਰ ਆਉਣ ਵਾਲੇ ਦਿਨਾਂ ਵਿਚ ਤੇਜ਼ ਹਵਾ ਜਾਂ ਬਾਰਿਸ਼ ਹੁੰਦੀ ਹੈ, ਤਾਂ ਇਹ ਹਾਈ ਟੈਂਸ਼ਨ ਖੰਭੇ ਡਿੱਗ ਸਕਦੇ ਹਨ, ਜਿਸ ਨਾਲ ਪੂਰੇ ਇਲਾਕੇ ਵਿਚ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਬੰਧੀ ਕਈ ਵਾਰ ਸਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ। ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਨਾਜਾਇਜ਼ ਮਿੱਟੀ ਚੁੱਕਣ ਵਾਲੇ ਮਾਫ਼ੀਆ ਦੇ ਹੌਸਲੇ ਬੁਲੰਦ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਡਰ ਦੇ ਸਾਏ ਹੇਠ ਜੀਅ ਰਹੇ ਹਨ, ਜੇਕਰ ਇਹ ਖੰਭਾ ਡਿੱਗਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਪ੍ਰਸ਼ਾਸਨ ਦੀ ਹੋਵੇਗੀ। ਪਿੰਡ ਵਾਸੀਆਂ ਨੇ ਸਰਕਾਰ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਨਾਜਾਇਜ਼ ਖ਼ੁਦਾਈ ਨੂੰ ਤੁਰੰਤ ਬੰਦ ਕਰਵਾਇਆ ਜਾਵੇ। ਖੰਭਿਆਂ ਦੀ ਨੀਂਹ ਨੂੰ ਮੁੜ ਮਜ਼ਬੂਤ ਕਰਨ ਲਈ ਕਦਮ ਚੁੱਕੇ ਜਾਣ। ਇਸ ਗ਼ੈਰ-ਕਾਨੂੰਨੀ ਕੰਮ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।