ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰ ਦੀ ਗ਼ੈਰ-ਕਾਨੂੰਨੀ ਉਸਾਰੀ ਢਾਹੀ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰ ਦੀ ਗ਼ੈਰ-ਕਾਨੂੰਨੀ ਉਸਾਰੀ ਢਾਹੀ
Publish Date: Fri, 16 Jan 2026 07:03 PM (IST)
Updated Date: Fri, 16 Jan 2026 07:06 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਰਾਜ ਪੱਧਰੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਸ਼ੁੱਕਰਵਾਰ ਨੂੰ ਗੋਰਖਨਾਥ ਕਾਲੋਨੀ, ਬੜਮਾਜਰਾ, ਪੁਲਿਸ ਥਾਣਾ ਬਲੌਂਗੀ ਅਧੀਨ, ਨਸ਼ਾ ਤਸਕਰ ਦੇ ਕਬਜ਼ੇ ਹੇਠ ਪੈਂਦੀ ਪੰਚਾਇਤੀ ਜ਼ਮੀਨ ’ਤੇ ਬਣੀ ਗ਼ੈਰ-ਕਾਨੂੰਨੀ ਉਸਾਰੀ ਨੂੰ ਪੁਲਿਸ ਪ੍ਰਸ਼ਾਸਨ ਅਤੇ ਪਿੰਡ ਪੰਚਾਇਤ ਵੱਲੋਂ ਸਾਂਝੀ ਕਾਰਵਾਈ ਦੌਰਾਨ ਢਾਹ ਦਿੱਤਾ ਗਿਆ। ਇਹ ਗ਼ੈਰ-ਕਾਨੂੰਨੀ ਸੰਪਤੀ ਸੰਜੇ ਸ਼ਾਹ ਪੁੱਤਰ ਪੋਸ਼ਣ ਸ਼ਾਹ, ਵਾਸੀ ਗੋਰਖਨਾਥ ਕਾਲੋਨੀ, ਬੜਮਾਜਰਾ ਦੀ ਸੀ, ਜੋ ਨਸ਼ਾ ਤਸਕਰੀ ਨਾਲ ਸਬੰਧਤ ਕਈ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਹੈ। ਇਹ ਗ਼ੈਰ-ਕਾਨੂੰਨੀ ਨਿਰਮਾਣ ਪੰਚਾਇਤ ਦੀ ਜ਼ਮੀਨ ’ਤੇ ਕੀਤਾ ਗਿਆ ਸੀ। ਇਹ ਢਾਹੁਣ ਦੀ ਮੁਹਿੰਮ ਐੱਸਪੀ (ਪੀਬੀਆਈ) ਮਿਸ ਦੀਪਿਕਾ ਸਿੰਘ ਅਤੇ ਡੀਐੱਸਪੀ ਖਰੜ ਕਰਨ ਸਿੰਘ ਸੰਧੂ ਦੀ ਦੇਖਰੇਖ ਹੇਠ, ਬੀਡੀਪੀਓ ਸਤਵੰਤ ਸਿੰਘ ਰੰਧਾਵਾ ਦੀ ਹਾਜ਼ਰੀ ਵਿਚ, ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ ਅਤੇ ਯੋਗ ਪੁਲਿਸ ਬਲ ਦੀ ਤਾਇਨਾਤੀ ਨਾਲ ਸਫ਼ਲਤਾਪੂਰਵਕ ਪੂਰੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਐੱਸਏਐੱਸ ਨਗਰ ਹਰਮਨਦੀਪ ਸਿੰਘ ਹਾਂਸ, ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਕੁੱਲ ਪੰਜ ਐੱਫ਼ਆਈਆਰਜ਼ ਦਰਜ ਹਨ, ਜਿਨ੍ਹਾਂ ਵਿਚੋਂ ਤਿੰਨ ਮਾਮਲੇ ਐੱਨਡੀਪੀਐੱਸ ਐਕਟ ਅਧੀਨ ਥਾਣਾ ਫੇਜ਼-1 ਮੁਹਾਲੀ ਅਤੇ ਬਲੌਂਗੀ ਵਿਚ ਦਰਜ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਸ਼ਿਆਂ ਨਾਲ ਜੁੜੀ ਅਪਰਾਧਿਕ ਕਮਾਈ ਨਾਲ ਖੜ੍ਹੀ ਕੀਤੀ ਗਈ ਗ਼ੈਰ-ਕਾਨੂੰਨੀ ਉਸਾਰੀ ਨੂੰ ਗਿਰਾ ਕੇ, ਉਨ੍ਹਾਂ ਨੂੰ ਸਖ਼ਤ ਸਬਕ ਸਿਖਾਉਣ ਲਈ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਤੋੜਨ ਲਈ ਪੁਲਿਸ ਵੱਲੋਂ ਲਗਾਤਾਰ ਅਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਨਸ਼ਿਆਂ ਦੇ ਪੈਸੇ ਨਾਲ ਬਣੀਆਂ ਗ਼ੈਰ-ਕਾਨੂੰਨੀ ਸੰਪਤੀਆਂ ਨੂੰ ਕਾਇਮ ਨਹੀਂ ਰਹਿਣ ਦਿੱਤਾ ਜਾਵੇਗਾ।” ਐੱਸਐੱਸਪੀ ਨੇ ਅੱਗੇ ਦੁਹਰਾਇਆ ਕਿ ਨਸ਼ਾ ਤਸਕਰੀ ਦੇ ਨੈੱਟਵਰਕ ਖ਼ਿਲਾਫ਼ ਸਖ਼ਤ ਅਤੇ ਲਗਾਤਾਰ ਕਾਰਵਾਈ ਜਾਰੀ ਰਹੇਗੀ ਤਾਂ ਜੋ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।