- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਕੌਂਸਲ ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਨਾਜਾਇਜ਼ ਉਸਾਰੀ ਜਾਰੀ

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ
ਡੇਰਾਬੱਸੀ : ਪਿੰਡ ਮੁਬਾਰਕਪੁਰ-ਮੀਰਪੁਰ ਦੇ ਮੁਹੱਲਾ ਰਾਮਦਾਸੀਆ ’ਚ ਬਿਨਾਂ ਨਕਸ਼ੇ ਤੋਂ ਹੋ ਰਹੀ ਇੱਕ ਨਾਜਾਇਜ਼ ਉਸਾਰੀ ਪ੍ਰਸ਼ਾਸਨ ਲਈ ਚੁਣੌਤੀ ਬਣੀ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਕੰਮ ਬੰਦ ਕਰਵਾਉਣ ਦੇ ਬਾਵਜੂਦ ਵੀ ਉੱਥੇ ਉਸਾਰੀ ਦਾ ਕੰਮ ਧੜੱਲੇ ਨਾਲ ਜਾਰੀ ਹੈ। ਨਗਰ ਕੌਂਸਲ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਅਨੁਸਾਰ ਐਡਵੋਕੇਟ ਹਰਪ੍ਰੀਤ ਸਿੰਘ ਸੈਣੀ ਨੇ ਇਸ ਨਾਜਾਇਜ਼ ਉਸਾਰੀ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਨਗਰ ਕੌਂਸਲ ਦੀ ਟੀਮ ਨੇ ਕਾਰਵਾਈ ਕਰਦਿਆਂ ਕੰਮ ਰੁਕਵਾ ਦਿੱਤਾ ਸੀ। ਪਰ ਅਧਿਕਾਰੀਆਂ ਦੇ ਜਾਂਦੇ ਹੀ ਉੱਥੇ ਦੁਬਾਰਾ ਕੰਮ ਸ਼ੁਰੂ ਕਰ ਦਿੱਤਾ ਗਿਆ। ਸਥਾਨਕ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਉਸਾਰੀ ਕਰਨ ਵਾਲੇ ਵਿਅਕਤੀਆਂ ਨੂੰ ਨਾ ਤਾਂ ਕਾਨੂੰਨ ਦਾ ਕੋਈ ਡਰ ਹੈ ਅਤੇ ਨਾ ਹੀ ਉਹ ਸਰਕਾਰੀ ਹੁਕਮਾਂ ਦੀ ਪ੍ਰਵਾਹ ਕਰ ਰਹੇ ਹਨ। ਨਿਯਮਾਂ ਅਨੁਸਾਰ ਕਿਸੇ ਵੀ ਤਰ੍ਹਾਂ ਦੀ ਉਸਾਰੀ ਲਈ ਨਗਰ ਕੌਂਸਲ ਤੋਂ ਨਕਸ਼ਾ ਪਾਸ ਕਰਵਾਉਣਾ ਲਾਜ਼ਮੀ ਹੁੰਦਾ ਹੈ, ਪਰ ਇਸ ਮਾਮਲੇ ਵਿਚ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮੁਹੱਲਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਅਤੇ ਸਬੰਧਿਤ ਉੱਚ ਅਧਿਕਾਰੀ ਇਸ ਮਾਮਲੇ ਵਿਚ ਸਖ਼ਤ ਦਖ਼ਲ ਦੇਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਐਡਵੋਕੇਟ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਮੀਰਪੁਰ, ਵਾਰਡ ਨੰ. ਇਕ ਰਾਮਦਾਸੀਆ ਮੁਹੱਲੇ ਵਿਚ ਬਿਨਾਂ ਨਗਰ ਕੌਂਸਲ ਡੇਰਾਬੱਸੀ ਤੋਂ ਬਿਨਾਂ ਨਕਸ਼ਾ ਪਾਸ ਕਰਵਾਏ ਮਕਾਨ ਦਾ ਕੰਮ ਧੜੱਲੇ ਨਾਲ ਬਿਨਾਂ ਕਿਸੇ ਖ਼ੌਫ਼ ਦੇ ਦਿਨ-ਰਾਤ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਨੂੰ ਨਗਰ ਕੌਂਸਲ ਡੇਰਾਬੱਸੀ ਦੇ ਕਿਸੇ ਅਫ਼ਸਰ ਦਾ ਕੋਈ ਖ਼ੌਫ਼ ਨਹੀਂ ਹੈ ਅਤੇ ਜਿਹੜੇ ਵਿਅਕਤੀ ਵੱਲੋਂ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਹੈ, ਉਸ ਦੇ ਨਾਮ ਸਿਰਫ਼ ਇਕ ਮਰਲਾ ਕੁੱਲ (25) ਗਜ ਜਗ੍ਹਾ ਹੀ ਹੈ, ਜਦਕਿ ਮੌਕੇ ’ਤੇ ਉਹ ਵਿਅਕਤੀ 100 ਗਜ ਜਗ੍ਹਾ ਕਵਰ ਕਰ ਕੇ ਮਕਾਨ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਡੇਰਾਬੱਸੀ ਵਿਖੇ ਚੱਲ ਰਹੀ ਨਾਜਾਇਜ਼ ਉਸਾਰੀ ਨੂੰ ਤੁਰੰਤ ਰੋਕਿਆ ਜਾਵੇ ਅਤੇ ਉਕਤ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਜਦੋਂ ਇਸ ਬਾਰੇ ਨਗਰ ਕੌਂਸਲ ਡੇਰਾਬੱਸੀ ਦੇ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਦੋਂ ਉਹ ਨਾਜਾਇਜ਼ ਉਸਾਰੀ ਬੰਦ ਕਰਵਾਉਣ ਲਈ ਟੀਮ ਨੂੰ ਭੇਜਦੇ ਹਨ ਤਾਂ ਨਾਜਾਇਜ਼ ਉਸਾਰੀ ਕਰਨ ਵਾਲਾ ਵਿਅਕਤੀ ਆਪਣੀ ਘਰਵਾਲੀ ਨੂੰ ਅੱਗੇ ਕਰ ਦਿੰਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਸਥਾਨਕ ਪੁਲਿਸ ਨੂੰ ਇਸ ਨਾਜਾਇਜ਼ ਉਸਾਰੀ ਨੂੰ ਬੰਦ ਕਰਨ ਲਈ ਲਿਖਿਆ ਹੈ।