ਸੀਯੂ ਪਹੁੰਚੀ ਆਈਸੀਸੀ ਟੀ-20 ਵਿਸ਼ਵ ਕੱਪ 2026 ਦੀ ਟਰਾਫ਼ੀ
ਸੀਯੂ ਪਹੁੰਚੀ ਆਈਸੀਸੀ ਟੀ-20 ਵਿਸ਼ਵ ਕੱਪ 2026 ਦੀ ਟਰਾਫ਼ੀ,
Publish Date: Mon, 02 Feb 2026 09:06 PM (IST)
Updated Date: Mon, 02 Feb 2026 09:07 PM (IST)

- ਉਤਸ਼ਾਹ ਤੇ ਜੋਸ਼ ਨਾਲ ਲਬਰੇਜ਼ ਦਿਖੇ ਵਿਦਿਆਰਥੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਆਈਸੀਸੀ ਟੀ-20 ਵਿਸ਼ਵ ਕੱਪ-2026 ਦਾ ਆਗ਼ਾਜ਼ 7 ਫ਼ਰਵਰੀ ਤੋਂ ਹੋਵੇਗਾ, ਜਿਸ ਨੂੰ ਲੈ ਕੇ ਦੇਸ਼ ਭਰ ਦੇ ਕ੍ਰਿਕਟ ਪ੍ਰੇਮੀਆਂ ਵਿਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਵਿਚਾਲੇ ਸੋਮਵਾਰ ਨੂੰ ਟੀ-20 ਵਿਸ਼ਵ ਕੱਪ ਦੀ ਟਰਾਫ਼ੀ ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂਆਂ ਕੈਂਪਸ ਵਿਖੇ ਪਹੁੰਚੀ। ਜਿਵੇਂ ਹੀ ਟਰਾਫ਼ੀ ਦੇ ਕੈਂਪਸ ਵਿਚ ਆਉਣ ਦੀ ਸੂਚਨਾ ਮਿਲੀ ਤਾਂ ਕ੍ਰਿਕਟ ਪ੍ਰੇਮੀਆਂ ਅਤੇ ਬੱਚਿਆਂ ਦੀ ਭਾਰੀ ਭੀੜ ਇਕੱਠੀ ਹੋ ਗਈ। ਦੱਸ ਦਈਏ ਕਿ ਜਿੰਨੇ ਖਿਡਾਰੀ ਟੀਮ ਇੰਡੀਆ ਵਿਚ ਸ਼ਾਮਲ ਸਨ, ਉਨ੍ਹਾਂ ਸਾਰਿਆਂ ਦੇ ਸਕੂਲਾਂ/ਕਾਲਜਾਂ ਵਿਚ ਆਈਸੀਸੀ ਵੱਲੋਂ ਟਰਾਫ਼ੀ ਟੂਰ ਤੈਅ ਕੀਤਾ ਗਿਆ ਹੈ। ਇਸੇ ਤਹਿਤ ਟੀ-20 ਵਿਸ਼ਵ ਕੱਪ ਦੀ ਟਰਾਫ਼ੀ ਚੰਡੀਗੜ੍ਹ ਯੂਨੀਵਰਸਿਟੀ ਪਹੁੰਚੀ, ਇੱਥੇ ਟੀਮ ਇੰਡੀਆ ਦਾ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਚੰਡੀਗੜ੍ਹ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਰਿਹਾ ਹੈ। ਚੰਡੀਗੜ੍ਹ ਯੂਨੀਵਰਸਿਟੀ ਵਿਖੇ ਆਈਸੀਸੀ ਟੀ-20 ਵਿਸ਼ਵ ਕੱਪ ਟਰਾਫ਼ੀ ਦਾ ਸੈਰੇਮੋਨੀਅਲ ਗਾਰਡ ਆਫ਼ ਆਨਰ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਕੈਂਪਸ ਵਿਚ ਜਸ਼ਨ ਅਤੇ ਉਤਸ਼ਾਹ ਦਾ ਮਾਹੌਲ ਬਣ ਗਿਆ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿਹੜੇ ਟੀ-20 ਵਿਸ਼ਵ ਕੱਪ ਟਰਾਫ਼ੀ ਨੂੰ ਦੇਖ ਕੇ ਕ੍ਰਿਕਟ ਪ੍ਰੇਮੀ ਬੇਹੱਦ ਖ਼ੁਸ਼ ਹੋਏ। ਇਸ ਮੌਕੇ ਹਰ ਕੋਈ ਟਰਾਫ਼ੀ ਦੇ ਨਾਲ ਫੋਟੋ ਖਿਚਵਾਉਣ ਲਈ ਉਤਸ਼ਾਹਤ ਸੀ। ਇਸ ਦਰਮਿਆਨ ਵਿਦਿਆਰਥੀਆਂ ਨੇ ਟੀਮ ਇੰਡੀਆ ਨੂੰ ਟੀ-20 ਵਿਸ਼ਵ ਕੱਪ ਵਿਚ ਦੁਬਾਰਾ ਟਰਾਫ਼ੀ ਜਿੱਤਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਹੀ ਮਾਣ ਵਾਲਾ ਪਲ ਹੈ ਕਿ ਸਾਨੂੰ ਆਈਸੀਸੀ ਟੀ-20 ਵਿਸ਼ਵ ਕੱਪ 2026 ਟਰਾਫ਼ੀ ਦਾ ਸਵਾਗਤ ਕਰਨ ਦਾ ਮੌਕਾ ਮਿਲਿਆ। ਉਹ ਆਈਸੀਸੀ ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਵਾਰ ਵੀ ਇਹ ਟਰਾਫ਼ੀ ਭਾਰਤ ਨੂੰ ਹੀ ਮਿਲੇਗੀ।