ਬਰਨਾਲਾ ਦੇ ਸੈਂਕੜੇ ਵਿਦਿਆਰਥੀਆਂ ਨੇ ਭਾਰਤ-ਅਫ਼ਗਾਨਿਸਤਾਨ ਟੈਸਟ ਮੈਚ ਦਾ ਆਨੰਦ ਮਾਣਿਆ
ਬਰਨਾਲਾ ਦੇ ਸੈਂਕੜੇ ਵਿਦਿਆਰਥੀਆਂ ਨੇ ਭਾਰਤ-ਅਫ਼ਗਾਨਿਸਤਾਨ ਟੈਸਟ ਮੈਚ ਦਾ ਆਨੰਦ ਮਾਣਿਆ
Publish Date: Mon, 08 Jun 2026 10:26 PM (IST)
Updated Date: Mon, 08 Jun 2026 10:26 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਸਕੱਤਰ ਅਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਸੱਦੇ ’ਤੇ ਸੋਮਵਾਰ ਨੂੰ ਬਰਨਾਲਾ ਦੇ ਸਰਕਾਰੀ ਸਕੂਲਾਂ ਦੇ 1100 ਵਿਦਿਆਰਥੀਆਂ ਨੇ ਨਿਊ ਚੰਡੀਗੜ੍ਹ ਸਥਿਤ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਖੇ ਭਾਰਤ-ਅਫਗਾਨਿਸਤਾਨ ਟੈਸਟ ਮੈਚ ਦਾ ਆਨੰਦ ਮਾਣਿਆ। ਮੀਤ ਹੇਅਰ ਅਤੇ ਭਾਰਤੀ ਕਪਤਾਨ ਸ਼ੁਭਮਨ ਗਿੱਲ ਦੇ ਪਿਤਾ ਲਖਵਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਨਾਲ ਯੁਵਰਾਜ ਸਿੰਘ ਸਟੈਂਡ ਅੰਦਰ ਬੈਠ ਕੇ ਮੈਚ ਵੇਖਿਆ। ਭਾਰਤ ਨੇ ਇਹ ਟੈਸਟ ਮੈਚ ਇਕ ਪਾਰੀ ਅਤੇ 300 ਦੌੜਾਂ ਨਾਲ ਜਿੱਤਿਆ। ਬਰਨਾਲਾ ਦੇ ਸਕੂਲ ਆਫ਼ ਐਮੀਨੈਂਸ ਅਤੇ ਵੱਖ-ਵੱਖ ਸਰਕਾਰੀ ਸਕੂਲਾਂ ਦੇ 1100 ਵਿਦਿਆਰਥੀਆਂ ਨੇ ਕ੍ਰਿਕਟ ਸਟੇਡੀਅਮ ਅੰਦਰ ਪੂਰਾ ਦਿਨ ਰੰਗ ਬੰਨ੍ਹੀ ਰੱਖਿਆ ਅਤੇ ਨਿਰੰਤਰ ਤਾੜੀਆਂ ਦੀ ਗੜਗੜਾਹਟ ਨਾਲ ਖਿਡਾਰੀਆਂ ਦੀ ਹੌਸ਼ਲਾ ਅਫ਼ਜ਼ਾਈ ਕੀਤੀ। ਯੁਵਰਾਜ ਸਿੰਘ ਸਟੈਂਡ ਵਿਚ ਬੈਠੇ ਵਿਦਿਆਰਥੀਆਂ ਨੂੰ ਉਚੇਚੇ ਤੌਰ ’ਤੇ ਮਿਲਣ ਗਏ ਮੀਤ ਹੇਅਰ ਨੇ ਵਿਦਿਆਰਥੀਆਂ ਨਾਲ ਬੈਠ ਕੇ ਦੂਜੇ ਸੈਸ਼ਨ ਦੀ ਖੇਡ ਦਾ ਆਨੰਦ ਮਾਣਿਆ। ਵਿਦਿਆਰਥੀ ਬਹੁਤ ਉਤਸ਼ਾਹਤ ਸਨ, ਜਿਨ੍ਹਾਂ ਹੱਥਾਂ ਵਿਚ ਖਿਡਾਰੀਆਂ ਤੇ ਟੀਮ ਦੇ ਸਪੋਰਟ ਵਿਚ ਬੈਨਰ, ਪੋਸਟਰ ਬਣਾਏ ਹੋਏ ਸਨ। ਸਾਰੇ ਵਿਦਿਆਰਥੀ ਉਹ ਸਨ, ਜੋ ਪਹਿਲੀ ਵਾਰ ਸਟੇਡੀਅਮ ਅੰਦਰ ਮੈਚ ਵੇਖਣ ਆਏ ਸਨ। ਵਿਦਿਆਰਥੀਆਂ ਨੇ ਮੀਤ ਹੇਅਰ ਅਤੇ ਪੀਸੀਏ ਦਾ ਵਿਸ਼ੇਸ਼ ਧੰਨਵਾਦ ਕੀਤਾ। ਵਿਦਿਆਰਥੀਆਂ ਨੇ ਸ਼ੁਭਮਨ ਗਿੱਲ ਦੇ ਪਿਤਾ ਤੋਂ ਪੋਸਟਰਾਂ ਉੱਪਰ ਆਟੋਗ੍ਰਾਫ ਵੀ ਲਏ। ਮੀਤ ਹੇਅਰ ਨੇ ਸਾਰੇ ਵਿਦਿਆਰਥੀਆਂ ਦਾ ਪੀਸੀਏ ਵੱਲੋਂ ਸਵਾਗਤ ਕਰਦਿਆਂ ਜੀ ਆਇਆਂ ਆਖਿਆ। ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਲਈ ਇਹ ਵੱਡਾ ਮੌਕਾ ਹੈ, ਜਦੋਂ ਉਹ ਆਪਣੀ ਟੀਮ ਨੂੰ ਗਰਾਊਂਡ ਅੰਦਰ ਖੇਡਦਿਆਂ ਆਪਣੀਆਂ ਅੱਖਾਂ ਨਾਲ ਵੇਖਦੇ ਹੋਏ ਆਪਣੇ ਪਸੰਦੀਦਾ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰ ਰਹੇ ਹਨ। ਮੀਤ ਹੇਅਰ ਨੇ ਕਿਹਾ ਗਰਮੀਆਂ ਦੀ ਛੁੱਟੀਆਂ ਵਿਚ ਵਿਦਿਆਰਥੀਆਂ ਲਈ ਮੈਚ ਦੇਖਣ ਦਾ ਸੁਨਹਿਰੀ ਮੌਕਾ ਸੀ, ਜਿਸ ਲਈ ਪੀਸੀਏ ਵੱਲੋਂ ਸੁਚੱਜਾ ਪ੍ਰਬੰਧ ਕੀਤਾ ਗਿਆ। ਪੀਸੀਏ ਵੱਲੋਂ ਵਿਦਿਆਰਥੀਆਂ ਦੇ ਆਉਣ-ਜਾਣ ਲਈ ਬੱਸਾਂ ਅਤੇ ਦੁਪਹਿਰ ਦੇ ਖਾਣੇ ਦੇ ਨਾਲ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਪੀਸੀਏ ਵੱਲੋਂ ਸੋਵੀਨਾਰ ਦੇ ਰੂਪ ਵਿਚ ਟੀ-ਸ਼ਰਟ ਦਿੱਤੀ ਗਈ। ਇਸ ਮੌਕੇ ਬਰਨਾਲਾ ਦੇ ਜ਼ਿਲਾ ਮੈਨੇਜਰ ਖੇਡਾਂ ਸਿਮਰਦੀਪ ਸਿੰਘ ਤੇ ਸਕੂਲਾਂ ਦੇ ਇੰਚਾਰਜ ਵੀ ਮੌਜੂਦ ਸਨ।