ਸਰਕਾਰੀ ਸਿਹਤ ਸੰਸਥਾਵਾਂ ਵਿਚ ਐੱਚਪੀਵੀ ਟੀਕਾਕਰਨ ਜਾਰੀ
ਸਰਕਾਰੀ ਸਿਹਤ ਸੰਸਥਾਵਾਂ ਵਿਚ ਐੱਚਪੀਵੀ ਟੀਕਾਕਰਨ ਜਾਰੀ, ਵਿਦਿਆਰਥਣਾਂ ਨੂੰ ਕੀਤਾ ਜਾ ਰਿਹੈ ਜਾਗਰੂਕ
Publish Date: Tue, 17 Mar 2026 06:30 PM (IST)
Updated Date: Tue, 17 Mar 2026 06:34 PM (IST)

ਵਿਦਿਆਰਥਣਾਂ ਨੂੰ ਕੀਤਾ ਜਾ ਰਿਹੈ ਜਾਗਰੂਕ, ਸਕੂਲ ਮੁਖੀਆਂ ਨਾਲ ਬੈਠਕਾਂ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਐੱਚਪੀਵੀ ਵੈਕਸੀਨ ਸਬੰਧੀ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਮੁਖੀਆਂ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਐੱਚਪੀਵੀ ਟੀਕਾਕਰਨ ਬਿਲਕੁਲ ਮੁਫ਼ਤ ਹੋ ਰਿਹਾ ਹੈ ਅਤੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵਿਦਿਆਰਥਣਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰਨ। ਸਿਹਤ ਟੀਮਾਂ ਖ਼ੁਦ ਵੀ ਵਿਦਿਆਰਥਣਾਂ ਨੂੰ ਇਸ ਵੈਕਸੀਨ ਦੇ ਲਾਭਾਂ ਬਾਰੇ ਜਾਗਰੂਕ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਹ ਟੀਕਾ 14 ਤੋਂ 15 ਸਾਲ ਤੱਕ ਦੀਆਂ ਕੁੜੀਆਂ ਨੂੰ ਲਾਇਆ ਜਾ ਰਿਹਾ ਹੈ ਯਾਨੀ ਜਿਨ੍ਹਾਂ ਦਾ 14ਵਾਂ ਜਨਮ ਦਿਨ ਲੰਘ ਚੁੱਕਾ ਹੈ ਅਤੇ 15ਵਾਂ ਹਾਲੇ ਆਉਣਾ ਹੈ। ਡਾ. ਡੋਗਰਾ ਨੇ ਦੱਸਿਆ ਕਿ ਇਹ ਟੀਕਾ ਪ੍ਰਾਈਵੇਟ ਹਸਪਤਾਲਾਂ ਵਿਚ ਮਹਿੰਗੀ ਕੀਮਤ ਵਿਚ ਉਪਲਬੱਧ ਹੈ, ਜਦਕਿ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫ਼ਤ ਲੱਗ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਅਨੁਸਾਰ ਸਰਵਾਈਕਲ ਕੈਂਸਰ ਔਰਤਾਂ ਵਿਚ ਹੋਣ ਵਾਲਾ ਚੌਥਾ ਸਭ ਤੋਂ ਆਮ ਕੈਂਸਰ ਹੈ, ਜਦਕਿ ਭਾਰਤ ਵਿਚ ਇਹ ਦੂਜਾ ਸਭ ਤੋਂ ਆਮ ਕੈਂਸਰ ਹੈ। ਔਰਤਾਂ ਵਿਚ ਬੱਚੇਦਾਨੀ ਦੇ ਹੇਠਲੇ ਹਿੱਸੇ ਵਿਚ ਪਾਏ ਜਾਂਦੇ ਇਸ ਗੰਭੀਰ ਕੈਂਸਰ ਦਾ ਮੁੱਖ ਕਾਰਨ ਹਿਊਮਨ ਪੈਪੀਲੋਮਾ ਵਾਇਰਸ (ਐੱਚਪੀਵੀ) ਹੈ, ਜਿਸ ਤੋਂ ਰੋਕਥਾਮ ਲਈ ਇਹ ਟੀਕਾ ਲਾਇਆ ਜਾ ਰਿਹਾ ਹੈ। ਟੀਕਾਕਰਨ ਲਈ ਮੁੱਖ ਕੇਂਦਰਾਂ ਵਿਚ ਜ਼ਿਲ੍ਹਾ ਹਸਪਤਾਲ, ਸਬ ਡਵਿਜ਼ੀਨਲ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ, ਪ੍ਰਾਇਮਰੀ ਹੈਲਥ ਸੈਂਟਰ ਆਦਿ ਸ਼ਾਮਲ ਹਨ। ਉਨ੍ਹਾਂ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦੀ ਸਫ਼ਲਤਾ ਲਈ ਭਰਵਾਂ ਸਹਿਯੋਗ ਦੇਣ। ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।