ਕੌਂਸਲ ਦਾ ਕਾਰਜਕਾਲ ਸਮਾਪਤ ਹੋਣ ਉਪਰੰਤ ਕੌਂਸਲਰਾਂ ਦਾ ਸਨਮਾਨ
ਕੌਂਸਲ ਦਾ ਕਾਰਜਕਾਲ ਸਮਾਪਤ ਹੋਣ ਉਪਰੰਤ ਕੌਂਸਲਰਾਂ ਦਾ ਸਨਮਾਨ,
Publish Date: Mon, 13 Apr 2026 07:11 PM (IST)
Updated Date: Mon, 13 Apr 2026 07:16 PM (IST)
- ਵਿਧਾਇਕ ਰੰਧਾਵਾ ਰਹੇ ਹਾਜ਼ਰ, ਨਿੱਘੀ ਵਿਦਾਇਗੀ ਪਾਰਟੀ ਦਿੱਤੀ
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ
ਲਾਲੜੂ : ਨਗਰ ਕੌਂਸਲ ਲਾਲੜੂ ਦਾ ਪੰਜ ਸਾਲਾਂ ਦਾ ਕਾਰਜਕਾਲ ਪੂਰਾ ਹੋਣ ਉਪਰੰਤ ਨਗਰ ਕੌਂਸਲ ਦੇ ਪ੍ਰਧਾਨ ਸਤੀਸ਼ ਰਾਣਾ ਦੀ ਅਗਵਾਈ ਹੇਠ ਸੋਮਵਾਰ ਨੂੰ ਕੌਂਸਲਰਾਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਅਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਪ੍ਰੋਗਰਾਮ ਵਿਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕਰਦਿਆਂ ਕਿਹਾ ਕਿ ਵਧੀਆ ਤਾਲਮੇਲ ਨਾਲ ਸਾਰੇ ਕੌਂਸਲਰਾਂ ਨੇ ਲਾਲੜੂ ਦੇ ਵਿਕਾਸ ਵਿਚ ਅਹਿਮ ਰੋਲ ਅਦਾ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਇਹ ਇਸੇ ਤਰ੍ਹਾਂ ਕੰਮ ਕਰਨ ਲਈ ਪੂਰਾ ਸਹਿਯੋਗ ਦੇਣਗੇ। ਹਲਕਾ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬੇਅਦਬੀ ਕਾਨੂੰਨ ਪਾਸ ਕੀਤਾ ਗਿਆ, ਜਿਸ ਵਿਚ ਬੇਅਦਬੀ ਕਰਨ ਵਾਲੇ ਨੂੰ 25 ਲੱਖ ਰੁਪਏ ਜੁਰਮਾਨਾ ਅਤੇ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸਤੀਸ਼ ਰਾਣਾ ਨੇ ਕਿਹਾ ਕਿ ਲਾਲੜੂ ਦੇ ਵਿਕਾਸ ਕਾਰਜਾਂ ਵਿਚ ਹਲਕਾ ਵਿਧਾਇਕ ਦਾ ਪੂਰਨ ਸਹਿਯੋਗ ਰਿਹਾ ਹੈ ਅਤੇ ਉਨ੍ਹਾਂ ਦੀ ਸੇਧ ਸਦਕਾ ਜੋ ਵਿਕਾਸ ਕਾਰਜ ਇਨ੍ਹਾਂ ਡੇਢ ਸਾਲਾਂ ਵਿਚ ਹੋਏ ਹਨ, ਉਹ ਪਹਿਲਾਂ ਕਦੇ ਕਿਸੇ ਵੀ ਸਰਕਾਰ ਤੇ ਪ੍ਰਧਾਨ ਦੇ ਕਾਰਜਕਾਲ ਦੌਰਾਨ ਨਹੀਂ ਹੋਏ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਤੋਰਨ ’ਚ ਕੌਂਸਲਰਾਂ ਤੇ ਕੌਂਸਲ ਸਟਾਫ਼ ਦਾ ਵੱਡਾ ਰੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਉਹ ਲਾਲੜੂ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਨੂੰ ਪਹਿਲ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਮੋਹਨ ਮਾਸਟਰ, ਸੁਸ਼ੀਲ ਮਗਰਾ, ਉਮੇਸ਼ ਲੱਕੀ, ਪਵਨ ਨਾਰੰਗ, ਗੁਰਨਾਮ ਸਿੰਘ, ‘ਆਪ’ ਆਗੂ ਹਰੀ ਚੰਦ, ਹਰੀਸ਼ ਮਦਾਨ, ਗੁਰਵਿੰਦਰ ਸਿੰਘ ਜਾਸਤਨਾ, ਸੰਦੀਪ ਰਾਣਾ, ਜੀਵਨ ਰਾਣਾ, ਅਮਨ ਰਾਣਾ ਤੇ ਦੇਵੀ ਦਿਆਲ ਸਮੇਤ ਸਮੂਹ ਸਟਾਫ਼ ਤੇ ‘ਆਪ’ ਦੀ ਟੀਮ ਹਾਜ਼ਰ ਸਨ।