ਸਰਕਾਰ ਦੀ ਮਾਰੂ ਨੀਤੀਆਂ ਖ਼ਿਲਾਫ਼ ਹੋਵੇਗੀ ਇਤਿਹਾਸਕ ਰੈਲੀ : ਢਿੱਲੋਂ
ਸਰਕਾਰ ਦੀ ਮਾਰੂ ਨੀਤੀਆਂ ਖ਼ਿਲਾਫ਼ ਹੋਵੇਗੀ ਇਤਿਹਾਸਕ ਰੈਲੀ : ਦੀਪਇੰਦਰ ਸਿੰਘ ਢਿੱਲੋਂ
Publish Date: Wed, 25 Feb 2026 06:30 PM (IST)
Updated Date: Wed, 25 Feb 2026 06:31 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਕਾਂਗਰਸ ਪਾਰਟੀ ਦੀ ਰੈਲੀ ਸਬੰਧੀ ਡੇਰਾਬੱਸੀ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਵੱਲੋਂ ਬੁੱਧਵਾਰ ਨੂੰ ਇਕ ਭਰਵੀਂ ਬੈਠਕ ਕੀ ਵਿਤੀ ਗਈ। ਬੈਠਕ ’ਚ ਮੁਹਾਲੀ ਜ਼ਿਲ੍ਹਾ ਰੈਲੀ ਇੰਚਾਰਜ ਮਨਜੀਤ ਸਿੰਘ, ਰੈਲੀ ਆਬਜ਼ਰਵਰ ਰਾਕੇਸ਼ ਗੁਪਤਾ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਰੈਲੀ ਨੂੰ ਕਾਮਯਾਬ ਬਣਾਉਣ ਲਈ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ। ਜਾਣਕਾਰੀ ਦਿੰਦਿਆਂ ਢਿੱਲੋਂ ਨੇ ਦੱਸਿਆ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 28 ਫਰਵਰੀ ਨੂੰ ਬਰਨਾਲਾ ਰੈਲੀ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਡੇਰਾਬੱਸੀ ਤੋਂ ਵੱਡੀ ਗਿਣਤੀ ਵਿਚ ਵਰਕਰ ਅਤੇ ਸਮਰਥਕ ਰੈਲੀ ਵਿਚ ਸ਼ਮੂਲੀਅਤ ਕਰਕੇ ਪਾਰਟੀ ਦੀ ਇਕਜੁੱਟਤਾ ਦਰਸਾਉਣਗੇ। ਆਪਣੇ ਸੰਬੋਧਨ ਦੌਰਾਨ ਢਿੱਲੋਂ ਨੇ ਕਿਹਾ, “ਇਹ ਰੈਲੀ ਸਿਰਫ਼ ਸਿਆਸੀ ਇਕੱਠ ਨਹੀਂ, ਸਗੋਂ ਲੋਕਾਂ ਦੇ ਅਧਿਕਾਰਾਂ ਦੀ ਆਵਾਜ਼ ਹੈ ਅਤੇ ਰਾਹੁਲ ਗਾਂਧੀ ਦੀ ਹਾਜ਼ਰੀ ਇਸ ਨੂੰ ਇਤਿਹਾਸਕ ਬਣਾਏਗੀ। ਉਨ੍ਹਾਂ ਨੇ ਮਨਰੇਗਾ ਬਾਰੇ ਬੋਲਦਿਆਂ ਕਿਹਾ ਕਿ ਇਹ ਯੋਜਨਾ ਗਰਾਮੀਣ ਪਰਿਵਾਰਾਂ ਨੂੰ ਸਾਲ ਵਿਚ 100 ਦਿਨਾਂ ਦਾ ਰੁਜ਼ਗਾਰ ਯਕੀਨੀ ਬਣਾਉਣ ਲਈ ਬਣਾਈ ਗਈ ਸੀ, ਜੋ ਗਰੀਬ ਅਤੇ ਮਜ਼ਦੂਰ ਵਰਗ ਲਈ ਜੀਵਨ ਰੇਖਾ ਸਾਬਤ ਹੋਈ ਹੈ। ਢਿੱਲੋਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵੱਲੋਂ ਬਜਟ ਵਿਚ ਕਟੌਤੀਆਂ, ਭੁਗਤਾਨਾਂ ਵਿਚ ਦੇਰੀ ਅਤੇ ਨਵੇਂ ਨਿਯਮਾਂ ਰਾਹੀਂ ਮਨਰੇਗਾ ਦੀ ਪ੍ਰਭਾਵਸ਼ੀਲਤਾ ਘਟਾਈ ਜਾ ਰਹੀ ਹੈ, ਜਿਸ ਨਾਲ ਪਿੰਡਾਂ ਦੇ ਮਜ਼ਦੂਰ ਵਰਗ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਮਨਰੇਗਾ ਦੀ ਮਜ਼ਬੂਤੀ, ਸਮੇਂ-ਸਿਰ ਭੁਗਤਾਨ ਅਤੇ ਪਿੰਡਾਂ ਵਿਚ ਰੁਜ਼ਗਾਰ ਦੇ ਵਾਧੇ ਦੀ ਮੰਗ ਉਠਾਈ ਜਾਵੇਗੀ। ਇਸ ਤੋਂ ਇਲਾਵਾ ਜਿਹੜੇ ਕੇਂਦਰ ਸਰਕਾਰ ਨੇ ਕਿਸਾਨੀ ਨੂੰ ਖ਼ਤਮ ਕਰਨ ਲਈ ਅਮਰੀਕਾ ਨਾਲ ਸਮਝੌਤੇ ਕੀਤੇ ਹਨ, ਉਸ ਨਾਲ ਕਿਸਾਨੀ ਸੰਕਟ ਵਿਚ ਆਵੇਗੀ ਅਤੇ ਬੇਰੁਜ਼ਗਾਰੀ ਅਤੇ ਮਹਿੰਗਾਈ ਵਧੇਗੀ, ਰੈਲੀ ਵਿਚ ਪ੍ਰਮੁੱਖ ਤੌਰ ’ਤੇ ਚਰਚਾ ਵਿਚ ਰਹਿਣਗੇ। ਬੈਠਕ ਦੇ ਅੰਤ ਵਿਚ ਸਭ ਆਗੂਆਂ ਅਤੇ ਵਰਕਰਾਂ ਨੇ ਇਕਜੁੱਟ ਹੋ ਕੇ ਰੈਲੀ ਨੂੰ ਸਫ਼ਲ ਬਣਾਉਣ ਦਾ ਸੰਕਲਪ ਲਿਆ। ਇਸ ਮੌਕੇ ਕਾਂਗਰਸ ਦੇ ਕੌਂਸਲਰ, ਪੰਚ-ਸਰਪੰਚ, ਬਲਾਕ ਸੰਮਤੀ ਮੈਂਬਰ ਅਤੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।