ਫੇਜ਼-9 ਖੇਡ ਸਟੇਡੀਅਮ ਦੀ ਮਾੜੀ ਹਾਲਤ ਅਤੇ ਸੋਲਰ ਪੈਨਲ ਚੋਰੀ ਹੋਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ : ਕੁਲਜੀਤ ਸਿੰਘ ਬੇਦੀ
ਸੋਲਰ ਪੈਨਲ ਚੋਰੀ ਹੋਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ : ਕੁਲਜੀਤ ਸਿੰਘ ਬੇਦੀ
Publish Date: Wed, 07 Jan 2026 07:01 PM (IST)
Updated Date: Wed, 07 Jan 2026 07:03 PM (IST)

ਡਿਪਟੀ ਮੇਅਰ ਨੇ ਜਿੰਮੇਵਾਰ ਅਧਿਕਾਰੀਆਂ ਖ਼ਿਲਾਫ ਕਾਰਵਾਈ ਮੰਗੀ ਪੰਜਾਬੀ ਜਾਗਰਣ ਵੱਲੋਂ ਪ੍ਰਮੁੱਖਤਾ ਨਾਲ ਛਾਪੀ ਜਾ ਚੁੱਕੀ ਹੈ ਖਬਰ ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਫੇਜ਼ 9 ਵਿੱਚ ਸਥਿਤ ਮਲਟੀਪ੍ਰਪਸ ਖੇਡ ਸਟੇਡੀਅਮ ਦੀ ਹਾਲਤ ’ਤੇ ਗੰਭੀਰ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਇਹ ਸਟੇਡੀਅਮ ਇਸ ਸਮੇਂ ਖਸਤਾ ਹਾਲਤ ਵਿਚ ਹੈ ਅਤੇ ਇੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਲਾਏ ਗਏ ਸੋਲਰ ਪੈਨਲ ਵੱਡੀ ਗਿਣਤੀ ਵਿਚ ਚੋਰੀ ਹੋ ਚੁੱਕੇ ਹਨ, ਜੋ ਕਿ ਪ੍ਰਸ਼ਾਸਨਿਕ ਲਾਪਰਵਾਹੀ ਨੂੰ ਸਪਸ਼ਟ ਕਰਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਜਾਗਰਣ ਵੱਲੋਂ ਇਸ ਸਬੰਧੀ ਇਕ ਵਿਸਥਾਰ ਸਹਿਤ ਖ਼ਬਰ ਪਹਿਲਾਂ ਹੀ ਛਾਪੀ ਜਾ ਚੁੱਕੀ ਹੈ। ਜਿਸ ਦੇ ਪ੍ਰਤੀਕਰਮ ਵਿਚ ਵੱਡੀ ਪੱਧਰ ’ਤੇ ਇਸ ਸਬੰਧੀ ਰੋਸ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੋਲਰ ਪੈਨਲਾਂ ਦੀ ਚੋਰੀ ਦੀ ਮੁੱਖ ਵਜ੍ਹਾ ਇਹ ਹੈ ਕਿ ਨਾਲੇ ਵਾਲੀ ਸਾਈਡ ਤੇ ਪੌੜੀਆਂ ਅਤੇ ਪਿੱਲਰ ਤਾਂ ਤਿਆਰ ਕਰ ਦਿੱਤੇ ਗਏ ਪਰ ਬਾਉਂਡਰੀ ਵਾਲ ਨਹੀਂ ਬਣਾਈ ਗਈ। ਇਹ ਪੌੜੀਆਂ ਚੋਰਾਂ ਲਈ ਸਟੇਡੀਅਮ ਵਿੱਚ ਦਾਖ਼ਲ ਹੋਣ ਦਾ ਆਸਾਨ ਰਾਹ ਬਣ ਗਈਆਂ, ਜਿਸ ਦਾ ਨਤੀਜਾ ਕਰੋੜਾਂ ਰੁਪਏ ਦੀ ਚੋਰੀ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਉਹਨਾਂ ਦੱਸਿਆ ਕਿ ਇਹ ਸੋਲਰ ਪੈਨਲ ਸਟੇਡੀਅਮ ਵਿੱਚ ਮੌਜੂਦ ਅੰਤਰਰਾਸ਼ਟਰੀ ਪੱਧਰ ਦੇ ਸਵਿਮਿੰਗ ਪੂਲ ਨੂੰ ਸਾਲ ਦੇ 12 ਮਹੀਨੇ ਗਰਮ ਪਾਣੀ ਮੁਹੱਈਆ ਕਰਵਾਉਣ ਲਈ ਲਗਾਏ ਗਏ ਸਨ, ਤਾਂ ਜੋ ਇਸਨੂੰ ਆਲ ਵੈਦਰ ਸਵਿਮਿੰਗ ਪੂਲ ਬਣਾਇਆ ਜਾ ਸਕੇ ਅਤੇ ਬੱਚਿਆਂ ਨੂੰ ਸਾਰਾ ਸਾਲ ਅੰਤਰਰਾਸ਼ਟਰੀ ਮਿਆਰ ਦੀ ਟ੍ਰੇਨਿੰਗ ਮਿਲੇ। ਪਰ ਹੁਣ ਸੋਲਰ ਪੈਨਲ ਚੋਰੀ ਹੋਣ ਕਾਰਨ ਇਹ ਸਵਿਮਿੰਗ ਪੂਲ ਸਿਰਫ਼ ਗਰਮੀਆਂ ਦੇ ਮੌਸਮ ਵਿੱਚ ਹੀ ਚੱਲ ਪਾ ਰਿਹਾ ਹੈ।