ਸਿਹਤ ਸੰਭਾਲ : ਈਕੋ ਸਿਟੀ-2 ਦੇ ਪਾਰਕਾਂ ’ਚ ਹੁਣ ਓਪਨ ਏਅਰ ਜਿਮ ਸਥਾਪਿਤ ਕਰੇਗਾ ਗਮਾਡਾ, ਸਰਕਾਰ ਨੂੰ ਨਿਊ ਚੰਡੀਗੜ੍ਹ ਦੇ ਵਸਨੀਕਾਂ ਨੂੰ ਸਿਹਤਮੰਦ ਬਣਾਉਣ ਦਾ ਵੱਧ ਫਿਕਰ
ਸਿਹਤ ਸੰਭਾਲ : ਈਕੋ ਸਿਟੀ-2 ਦੇ ਪਾਰਕਾਂ ਵਿਚ ਹੁਣ ਓਪਨ ਏਅਰ ਜਿਮ ਸਥਾਪਿਤ ਕਰੇਗਾ ਗਮਾਡਾ,
Publish Date: Sun, 07 Jun 2026 08:00 PM (IST)
Updated Date: Sun, 07 Jun 2026 08:02 PM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨਿਊ ਚੰਡੀਗੜ੍ਹ ਖੇਤਰ ’ਤੇ ਕੁੱਝ ਜ਼ਿਆਦਾ ਹੀ ਮਿਹਰਬਾਨ ਹੈ। ਈਕੋ ਸਿਟੀ-1, ਈਕੋ ਸਿਟੀ-2 ਨੂੰ ਵਿਕਸਤ ਕਰਨ ਤੋਂ ਬਾਅਦ ਜਿੱਥੇ ਈਕੋ ਸਿਟੀ-3 ਅਤੇ ਹੁਣ ਈਕੋ ਸਿਟੀ-4 ਰਿਹਾਇਸ਼ੀ ਪ੍ਰਾਜੈਕਟ ਦੀ ਮੁੱਢਲੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਉੱਥੇ ਹੁਣ ਈਕੋ ਸਿਟੀ-2 ਦੇ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਦੇ ਨਾਲ-ਨਾਲ ਇਨ੍ਹਾਂ ਸਾਰੇ ਪਾਰਕਾਂ ਵਿਚ ਓਪਨ ਏਅਰ ਜਿਮ ਸਥਾਪਿਤ ਕਰਨ ਲਈ ਯਤਨ ਤੇਜ਼ ਕਰ ਦਿੱਤੇ ਹਨ। ਰੰਗਲਾ ਪੰਜਾਬ ਮਿਸ਼ਨ ਤਹਿਤ ਗਮਾਡਾ ਵੱਲੋਂ ਨਿਊ ਚੰਡੀਗੜ੍ਹ ਸਥਿਤ ਈਕੋ ਸਿਟੀ-2 ਦੇ ਵਸਨੀਕਾਂ ਨੂੰ ਸਿਹਤਮੰਦ ਬਣਾਉਣ ਲਈ ਪਾਰਕਾਂ ਵਿਚ ਓਪਨ ਏਅਰ ਜਿਮ ਲਗਾਏ ਜਾਣਗੇ। ਇਸ ਸਬੰਧੀ ਗਮਾਡਾ ਨੇ ਈਕੋ ਸਿਟੀ-2 ਦੇ ਵੱਖ-ਵੱਖ ਪਾਰਕਾਂ ਵਿਚ ਓਪਨ ਏਅਰ ਜਿਮ ਉਪਕਰਨ ਮਸ਼ੀਨਾਂ ਦੀ ਵਿਵਸਥਾ ਅਤੇ ਫਿਕਸਿੰਗ ਲਈ ਆਨਲਾਈਨ ਬੋਲੀਆਂ ਦੀ ਮੰਗ ਕੀਤੀ ਹੈ। ਚਾਹਵਾਨ ਵਿਅਕਤੀਆਂ ਨੂੰ 19 ਜੂਨ ਨੂੰ ਸਵੇਰੇ 11 ਵਜੇ ਤੱਕ ਟੈਂਡਰ ਭਰ ਸਕਦੇ ਹਨ। ਗਮਾਡਾ ਅਨੁਸਾਰ ਟੈਂਡਰ ਨੋਟਿਸ ਸਬੰਧੀ ਕੋਈ ਵੀ ਸੋਧ ਕੇਵਲ ਗਮਾਡਾ ਦੀ ਵੈੱਬਸਾਈਟ ’ਤੇ ਪ੍ਰਕਾਸ਼ਿਤ ਕੀਤੀ ਜਾਵੇਗੀ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਗਮਾਡਾ ਅਤੇ ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਦੇ ਲਗਭਗ ਸਾਰੇ ਵੱਡੇ ਅਤੇ ਛੋਟੇ ਰਿਹਾਇਸ਼ੀ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਦੇ ਨਾਲ-ਨਾਲ ਲੋਕਾਂ ਦੀ ਮੰਗ ’ਤੇ ਬਹੁਤ ਸਾਰੀਆਂ ਪਾਰਕਾਂ ਵਿਚ ਓਪਨ ਏਅਰ ਜਿਮ ਸਥਾਪਿਤ ਕੀਤੇ ਗਏ ਹਨ। ਜਿੱਥੇ ਸ਼ਹਿਰ ਵਾਸੀ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਸੈਰ ਕਰਦੇ ਹਨ ਅਤੇ ਸਰੀਰਕ ਕਸਰਤ ਦੇ ਚਾਹਵਾਨ ਵਿਅਕਤੀ ਜਿਨ੍ਹਾਂ ਵਿਚ ਸੀਨੀਅਰ ਸਿਟੀਜ਼ਨ, ਔਰਤਾਂ, ਨੌਜਵਾਨ ਅਤੇ ਬੱਚੇ ਪਾਰਕਾਂ ਵਿਚ ਲੱਗੇ ਓਪਨ ਏਅਰ ਜਿਮਾਂ ਦਾ ਖ਼ੂਬ ਲਾਹਾ ਲੈ ਰਹੇ ਹਨ। ----- ਗਮਾਡਾ ਵਿਕਾਸ ਦੇ ਮਾਮਲੇ ਵਿਚ ਸਿਰੇ ਦਾ ਪੱਖਪਾਤ ਕਰਦਾ ਹੈ। ਆਮ ਨਾਗਰਿਕਾਂ ਅਤੇ ਵੀਆਈਪੀਜ਼ ਏਰੀਆ ਵਿਚ ਬੁਨਿਆਦੀ ਸਹੂਲਤਾਂ ਵਿਚ ਕਾਫ਼ੀ ਅੰਤਰ ਹੈ। ਈਕੋ ਸਿਟੀ-1 ਵਿਚ ਗਮਾਡਾ ਵੱਲੋਂ ਕਾਫ਼ੀ ਪਾਰਕਾਂ ਓਪਨ ਏਅਰ ਜਿਮ ਸਥਾਪਿਤ ਕੀਤੇ ਹੋਏ ਹਨ। ਜਿਸ ਪਾਸੇ ਜੱਜ ਜਾਂ ਹੋਰ ਵੀਆਈਪੀਜ਼ ਰਹਿੰਦੇ ਹਨ, ਉਨ੍ਹਾਂ ਪਾਰਕਾਂ ਵਿਚ ਤਾਂ ਓਪਨ ਏਅਰ ਜਿਮ ਵਧੀਆ ਹਾਲਤ ਵਿਚ ਚੱਲ ਰਹੇ ਹਨ ਪ੍ਰੰਤੂ ਜਿਸ ਪਾਸੇ ਆਮ ਨਾਗਰਿਕ ਰਹਿੰਦੇ ਹਨ। ਉਸ ਪਾਸੇ ਪਾਰਕਾਂ ਵਿਚ ਲੱਗੇ ਕਈ ਓਪਨ ਏਅਰ ਜਿਮਾਂ ਦੇ ਪੁਰਜੇ ਗਾਇਬ ਹਨ। ਵਾਰ-ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਠੀਕ ਨਹੀਂ ਕਰਵਾਉਂਦਾ ਹੈ। ਜਿਸ ਕਾਰਨ ਲੋਕਾਂ ਵਿਚ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਪਾਰਕਾਂ ਅਤੇ ਓਪਨ ਏਅਰ ਜਿਮਾਂ ਦੀ ਸਮੇਂ-ਸਮੇਂ ਤੇ ਮੈਂਟੀਨੈਂਸ ਯਕੀਨੀ ਬਣਾਈ ਜਾਵੇ। ਅਰਵਿੰਦ ਪੁਰੀ, ਸਮਾਜ ਸੇਵੀ। ----- ਨਿਊ ਚੰਡੀਗੜ੍ਹ ਦੇ ਈਕੋ ਸਿਟੀ-2 ਦੇ ਪਾਰਕਾਂ ਵਿਚ ਓਪਨ ਏਅਰ ਜਿਮ ਲਗਾਉਣੇ ਗਮਾਡਾ ਦਾ ਬਹੁਤ ਵਧੀਆ ਫ਼ੈਸਲਾ ਹੈ ਪ੍ਰੰਤੂ ਚੰਗਾ ਹੋਵੇਗਾ ਜੇਕਰ ਗਮਾਡਾ ਪ੍ਰਸ਼ਾਸਨ ਪਹਿਲਾਂ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕਰੇ ਅਤੇ ਫਿਰ ਉਥੇ ਓਪਨ ਏਅਰ ਜਿਮ ਲਗਾਏ ਜਾਣ। ਚੰਗੀ ਸਿਹਤ ਲਈ ਸਰੀਰਕ ਕਸਰਤ ਬਹੁਤ ਜ਼ਰੂਰੀ ਹੈ। ਓਪਨ ਏਅਰ ਜਿਮ ਲੱਗਣ ਕਾਰਨ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਅੱਜ-ਕੱਲ੍ਹ ਹਰ ਕੋਈ ਆਪਣੇ ਕੰਮਾਂ ਵਿਚ ਬਹੁਤ ਜ਼ਿਆਦਾ ਰੁੱਝਿਆ ਹੋਇਆ ਹੈ ਅਤੇ ਲੋਕਾਂ ਕੋਲ ਜਿਮ ਜਾਣ ਦਾ ਸਮਾਂ ਨਹੀਂ ਹੈ ਪ੍ਰੰਤੂ ਪਾਰਕਾਂ ਵਿਚ ਸੈਰ ਕਰਨ ਦੇ ਨਾਲ-ਨਾਲ ਲੋਕ ਹੁਣ ਕਸਰਤ ਵੀ ਕਰ ਲਿਆ ਕਰਨਗੇ। ਰਣਜੀਤ ਰਣੀ, ਫਿਲਮੀ ਕਲਾਕਾਰ। ----- ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਨਿਊ ਚੰਡੀਗੜ੍ਹ ਦੇ ਈਕੋ ਸਿਟੀ-1 ਵਿਖੇ ਅਦਦ ਸਰਪਲੱਸ ਅਤੇ ਨਾ-ਵਰਤਣਯੋਗ ਟਰੀ ਗਾਰਡਾਂ ਨੂੰ ਹਟਾਇਆ ਜਾਵੇਗਾ। ਇਸ ਸਬੰਧੀ ਗਮਾਡਾ ਵੱਲੋਂ ਇਸ ਕੰਮ ਲਈ ਆਨਲਾਈਨ ਬੋਲੀਆਂ ਦੀ ਮੰਗ ਕੀਤੀ ਗਈ ਹੈ। ਬਿਨੈਕਾਰਾਂ ਨੂੰ ਅੰਤਿਮ ਤਰੀਕ 22 ਜੂਨ ਨੂੰ ਦੁਪਹਿਰ 12 ਵਜੇ ਤੱਕ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਹੈ। ਜੇਕਰ ਟੈਂਡਰ ਨੋਟਿਸ ਵਿਚ ਕਿਸੇ ਕਿਸਮ ਦੀ ਕੋਈ ਸੋਧ ਵੀ ਕਰਨੀ ਹੋਵੇਗੀ ਜਾਂ ਕੀਤੀ ਜਾਵੇਗੀ ਤਾਂ ਇਸ ਸਬੰਧੀ ਲੋੜੀਂਦੀ ਜਾਣਕਾਰੀ ਗਮਾਡਾ ਦੀ ਵੈੱਬਸਾਈਟ ’ਤੇ ਉਪਲਬਧ ਕਰਵਾਈ ਜਾਵੇਗੀ। ਈਕੋ ਸਿਟੀ ਵਿਚ ਗਮਾਡਾ ਵੱਲੋਂ ਵਾਤਾਵਰਣ ਦੀ ਸੁਰੱਖਿਆ ਲਈ ਨਵੇਂ ਸਿਰਿਓਂ ਪੌਦੇ ਲਗਾਏ ਜਾਣਗੇ।