ਪੰਜਾਬ ’ਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ: 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਯੋਜਨਾ ਲਾਗੂ
ਪੰਜਾਬ ’ਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ: 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਯੋਜਨਾ ਲਾਗੂ
Publish Date: Thu, 22 Jan 2026 05:31 PM (IST)
Updated Date: Thu, 22 Jan 2026 05:33 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਸਰਕਾਰ ਦੀ ਇਤਿਹਾਸਕ 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਦੇ ਮੌਕੇ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਮੌਜੂਦਗੀ ਵਿਚ ਡੇਰਾਬੱਸੀ ਕਮਿਊਨਿਟੀ ਸੈਂਟਰ ਵਿਖੇ ਵਿਸ਼ਾਲ ਜਨ ਸਮਾਗਮ ਕੀਤਾ ਗਿਆ। ਇਸ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਸਮੇਤ ਸੈਂਕੜਿਆਂ ਤੋਂ ਵੱਧ ਸਥਾਨਕ ਲੋਕਾਂ ਲਈ ਯੋਜਨਾ ਦੀ ਸ਼ੁਰੂਆਤ ਦਾ ਸਿੱਧਾ ਲਾਈਵ ਪ੍ਰਸਾਰਣ ਕਰਵਾਇਆ ਗਿਆ, ਤਾਂ ਜੋ ਆਮ ਲੋਕਾਂ ਤੱਕ ਸਰਕਾਰ ਦੀ ਇਸ ਲੋਕ-ਹਿਤੈਸ਼ੀ ਸਿਹਤ ਯੋਜਨਾ ਦੀ ਪੂਰੀ ਜਾਣਕਾਰੀ ਪਹੁੰਚ ਸਕੇ। ਸਮਾਗਮ ਵਿਚ ਮੌਜੂਦ ਰਹੇ ਪਰਿਵਾਰਾਂ ਨੂੰ ਵਿਧਾਇਕ ਰੰਧਾਵਾ ਦੁਆਰਾ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਵਾਉਣ ਲਈ ਅਪਾਇੰਟਮੈਂਟ ਲੈਟਰ ਵੀ ਵੰਡੇ ਗਏ। ਇਸ ਯੋਜਨਾ ਤਹਿਤ ਹਰ ਯੋਗ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਇਸ ਯੋਜਨਾ ਅਧੀਨ ਪੀਜੀਆਈ ਸਮੇਤ ਸੂਬੇ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਦੀ ਸਹੂਲਤ ਉਪਲੱਬਧ ਹੋਵੇਗੀ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਇਸ ਮੌਕੇ ’ਤੇ ਕਿਹਾ ਕਿ ਸਿਹਤ ਹਰ ਨਾਗਰਿਕ ਦਾ ਮੂਲ ਅਧਿਕਾਰ ਹੈ। ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਹਰ ਪਰਿਵਾਰ ਨੂੰ ਉੱਚ ਗੁਣਵੱਤਾ ਵਾਲੀ ਸਿਹਤ ਸੇਵਾਵਾਂ ਮਿਲਣਗੀਆਂ। ਮੈਂ ਸੂਬੇ ਦੇ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਲੈਣ ਲਈ ਪ੍ਰੇਰਿਤ ਕਰਦਾ ਹਾਂ।” ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਦੀ ਸ਼ੁਰੂਆਤ ਡੇਰਾਬੱਸੀ ਹਲਕੇ ਦੇ ਪਿੰਡ ਸੀਤਾਬਗੜ੍ਹ ਦੇ ਸਰਪੰਚ ਜਤਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਤੋਂ ਹੋਈ, ਜਿਨ੍ਹਾਂ ਨੂੰ ਅੱਜ ਵਿਕਾਸ ਭਵਨ ਵਿਖੇ ਕਾਰਡ ਸੌਪਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਨਾਗਰਿਕ ਨੂੰ ਬਿਨਾਂ ਕਿਸੇ ਭੇਦਭਾਵ ਦੇ ਬਿਹਤਰ, ਮੁਫ਼ਤ ਅਤੇ ਸਮੇਂ ਸਿਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਇਸ ਦਿਸ਼ਾ ਵਿਚ ਇਕ ਕ੍ਰਾਂਤੀਕਾਰੀ ਕਦਮ ਹੈ। ਅਪਾਇੰਟਮੈਂਟ ਲੈਟਰ ਪ੍ਰਾਪਤ ਕਰਨ ਵਾਲੇ ਲਾਭਪਾਤਰੀ ਪਰਿਵਾਰ ਆਪਣੇ ਨੇੜਲੇ ਸੀਐੱਸਸੀ ਸੈਂਟਰਾਂ ’ਚ ਜਾ ਕੇ ਆਸਾਨੀ ਨਾਲ ਆਪਣੇ ਸਿਹਤ ਯੋਜਨਾ ਕਾਰਡ ਤਿਆਰ ਕਰਵਾ ਸਕਣਗੇ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਉੱਚ-ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਦਾ ਲਾਭ ਉਠਾ ਸਕਣਗੇ।