ਪੀਐੱਚਸੀ ਬੂਥਗੜ੍ਹ ’ਚ ਬਣਨ ਲੱਗੇ ਸਿਹਤ ਬੀਮਾ ਕਾਰਡ
ਪੀਐੱਚਸੀ ਬੂਥਗੜ੍ਹ ਵਿਖੇ ਵੀ ਬਣਨ ਲੱਗੇ ਸਿਹਤ ਬੀਮਾ ਕਾਰਡ,
Publish Date: Mon, 02 Mar 2026 07:11 PM (IST)
Updated Date: Mon, 02 Mar 2026 07:13 PM (IST)

- ਐੱਸਐੱਮਓ ਵੱਲੋਂ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਲੈਣ ਦੀ ਅਪੀਲ ਮਹਿਰਾ, ਪੰਜਾਬੀ ਜਾਗਰਣ ਖਰੜ : ਪ੍ਰਾਇਮਰੀ ਹੈਲਥ ਸੈਂਟਰ (ਪੀਐੱਚਸੀ) ਬੂਥਗੜ੍ਹ ਵਿਖੇ ਵੀ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦੱਸਿਆ ਕਿ ਇਸ ਸਿਹਤ ਕੇਂਦਰ ਵਿਚ ਸਵੇਰੇ 9 ਤੋਂ 11 ਵਜੇ ਤੱਕ ਬੀਮਾ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਰਡ ਬਣਾਉਣ ਦਾ ਕੰਮ ਵੀਐੱਲਈ ਵੱਲੋਂ ਕੀਤਾ ਜਾਵੇਗਾ, ਜਿਹੜਾ ਹਰ ਰੋਜ਼ ਫ਼ਿਲਹਾਲ 2 ਘੰਟੇ ਲਈ ਸਿਹਤ ਕੇਂਦਰ ਵਿਚ ਮੌਜੂਦ ਰਹੇਗਾ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਾਰਡ ਬਣਾਉਣ ਦੇ ਚਾਹਵਾਨ ਵਿਅਕਤੀ ਸਿਹਤ ਕੇਂਦਰ ਵਿਚ ਪਹੁੰਚ ਕੇ ਬੀਮਾ ਕਾਰਡ ਬਣਵਾ ਸਕਦੇ ਹਨ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਅਕਤੀ ਆਪਣੇ ਨਾਲ ਆਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ ਜ਼ਰੂਰ ਲੈ ਕੇ ਆਉਣ। ਪਰਿਵਾਰ ਦੇ ਘੱਟੋ-ਘੱਟੋ ਦੋ ਜੀਆਂ ਦਾ ਮੌਕੇ ’ਤੇ ਮੌਜੂਦ ਰਹਿਣਾ ਜ਼ਰੂਰੀ ਹੈ ਅਤੇ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਜੁੜਿਆ ਹੋਣਾ ਚਾਹੀਦਾ ਹੈ। ਪਰਿਵਾਰ ਦੇ ਹਰ ਜੀਅ ਕੋਲ ਉਕਤ ਜ਼ਰੂਰੀ ਕਾਗ਼ਜ਼ ਹੋਣੇ ਚਾਹੀਦੇ ਹਨ, ਜੇ ਕਿਸੇ ਕੋਲ ਵੋਟਰ ਕਾਰਡ ਨਹੀਂ ਤਾਂ ਜਨਮ ਸਰਟੀਫ਼ਿਕੇਟ ਲਿਆਂਦਾ ਜਾ ਸਕਦਾ ਹੈ। ਐੱਸਐੱਮਓ ਨੇ ਦੁਹਰਾਇਆ ਕਿ ਇਸ ਯੋਜਨਾ ਤਹਿਤ ਹਰ ਪਰਿਵਾਰ ਦਾ ਸਾਲ ਦਾ 10 ਲੱਖ ਰੁਪਏ ਤਕ ਦਾ ਸਿਹਤ ਬੀਮਾ ਕੀਤਾ ਜਾ ਰਿਹਾ ਹੈ। ਕਾਰਡ ਧਾਰਕ ਪਰਿਵਾਰ ਦੇ ਕਿਸੇ ਵੀ ਜੀਅ ਨੂੰ ਸਰਕਾਰੀ ਜਾਂ ਸੂਚੀਬੱਧ ਨਿੱਜੀ ਹਸਪਤਾਲ ਵਿਚ ਦਾਖ਼ਲ ਹੋਣ ’ਤੇ ਉਸ ਦਾ 10 ਲੱਖ ਰੁਪਏ ਤੱਕ ਦਾ ਡਾਕਟਰੀ ਇਲਾਜ ਬਿਲਕੁਲ ਮੁਫ਼ਤ ਹੋਵੇਗਾ। ਉਨ੍ਹਾਂ ਦੱਸਿਆ ਕਿ ਸਿਹਤ ਬੀਮਾ ਕਾਰਡ ਕਿਸੇ ਵੀ ਨੇੜਲੇ ਕਾਮਨ ਸਰਵਿਸ ਸੈਂਟਰ ਵਿਚ ਵੀ ਬਣਵਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਥਾਈਂ ਲੱਗਣ ਵਾਲੇ ਕੈਂਪਾਂ ਵਿਚ ਜਾ ਕੇ ਵੀ ਕਾਰਡ ਬਣਵਾਇਆ ਜਾ ਸਕਦਾ ਹੈ। ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਮੁਫ਼ਤ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਡੇਜ਼ੀ, ਡਾ. ਮੋਨਿਕਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।