ਬਲੌਂਗੀ ਵਿਚ ਹੈਲਥ ਕਾਰਡ ਕੈਂਪ ਦੀ ਹੋਈ ਸ਼ੁਰੂਆਤ
ਬਲੌਂਗੀ ਵਿਚ ਹੈਲਥ ਕਾਰਡ ਕੈਂਪ ਦੀ ਹੋਈ ਸ਼ੁਰੂਆਤ,
Publish Date: Sun, 08 Feb 2026 06:15 PM (IST)
Updated Date: Sun, 08 Feb 2026 06:17 PM (IST)

ਹਰ ਘਰ ਤੱਕ ਸਿਹਤ ਬੀਮਾ ਯੋਜਨਾ ਪਹੁੰਚਾਉਣਾ ਕੈਂਪ ਦਾ ਮੁੱਖ ਉਦੇਸ਼: ਡਾ. ਸੰਨੀ ਸਿੰਘ ਆਹਲੂਵਾਲੀਆ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਅਤੇ ਭਰੋਸੇਯੋਗ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਨੂੰ ਅਮਲੀ ਰੂਪ ਦਿੰਦਿਆਂ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਬਲੌਂਗੀ ਵਿਖੇ ਹੈਲਥ ਕਾਰਡ ਬਣਾਉਣ ਲਈ ਕੈਂਪ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਕੀਤੀ ਗਈ। ਇਸ ਮੌਕੇ ਸਮਾਜ ਸੇਵੀ ਸਰਬਜੀਤ ਸਿੰਘ ਰੌਕੀ, ਸਰਪੰਚ ਮੱਖਣ ਸਿੰਘ, ਰੀਟਾ ਸ਼ਰਮਾ ਅਤੇ ਵੱਡੀ ਗਿਣਤੀ ਵਿਚ ਖੇਤਰ ਨਿਵਾਸੀ ਮੌਜੂਦ ਰਹੇ। ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਇਸ ਯੋਜਨਾ ਨੂੰ ਹਰ ਘਰ ਤੱਕ ਪਹੁੰਚਾਉਣਾ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਕੋਈ ਵੀ ਯੋਗ ਪਰਿਵਾਰ ਇਸ ਦੇ ਲਾਭ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਭੇਦਭਾਵ ਦੇ ਹੈਲਥ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰ ਪਿੰਡ ਅਤੇ ਹਰ ਵਾਰਡ ਵਿਚ ਕੈਂਪ ਲਗਾ ਕੇ ਲੋਕਾਂ ਨੂੰ ਯੋਜਨਾ ਨਾਲ ਜੋੜਿਆ ਜਾ ਰਿਹਾ ਹੈ। ਹੈਲਥ ਕਾਰਡ ਬਣਾਉਣ ਲਈ ਆਧਾਰ ਕਾਰਡ ਅਤੇ ਵੋਟਰ ਕਾਰਡ ਲਾਜ਼ਮੀ ਦਸਤਾਵੇਜ਼ ਹਨ। ਡਾ. ਆਹਲੂਵਾਲੀਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕ-ਹਿਤੈਸ਼ੀ ਸੋਚ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਯੋਜਨਾ ਨਾਲ ਆਮ ਲੋਕਾਂ ਨੂੰ ਮਹਿੰਗੇ ਇਲਾਜ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਹਰ ਨਾਗਰਿਕ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ, ਪਰ ਐਮਰਜੈਂਸੀ ਸਥਿਤੀ ਵਿਚ ਇਹ ਹੈਲਥ ਕਾਰਡ ਵੱਡਾ ਸਹਾਰਾ ਸਾਬਤ ਹੋਵੇਗਾ। ਉਨ੍ਹਾਂ ਹੋਰ ਦੱਸਿਆ ਕਿ ਇਸ ਯੋਜਨਾ ਤਹਿਤ ਕਿਡਨੀ ਰੋਗ, ਦਿਮਾਗੀ ਬਿਮਾਰੀਆਂ ਅਤੇ ਕੈਂਸਰ ਵਰਗੇ ਗੰਭੀਰ ਇਲਾਜ ਵੀ ਸ਼ਾਮਲ ਹਨ, ਜਿਸ ਨਾਲ ਲੋਕਾਂ ਨੂੰ ਵੱਡੀ ਆਰਥਿਕ ਮੁਸ਼ਕਲ ਤੋਂ ਬਚਾਇਆ ਜਾ ਸਕੇਗਾ।