ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਿਹਤ ਅਤੇ ਰੁਜ਼ਗਾਰ ਕੈਂਪ ਲਾਇਆ
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਿਹਤ ਅਤੇ ਰੁਜ਼ਗਾਰ ਕੈਂਪ ਆਯੋਜਿਤ
Publish Date: Fri, 06 Mar 2026 05:50 PM (IST)
Updated Date: Fri, 06 Mar 2026 05:54 PM (IST)

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ’ਤੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ, ਫੇਜ਼-6, ਮੁਹਾਲੀ ਵਿਖੇ ਜ਼ਿਲ੍ਹਾ ਪੱਧਰੀ ਸਿਹਤ ਅਤੇ ਰੁਜ਼ਗਾਰ ਕੈਂਪ ਆਯੋਜਿਤ ਕੀਤਾ ਗਿਆ। ਇਹ ਕੈਂਪ ਰੁਜ਼ਗਾਰ ਵਿਭਾਗ, ਸਿਹਤ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕੈਂਪ ਦਾ ਮੁੱਖ ਉਦੇਸ਼ ਨੌਜੁਆਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਅਤੇ ਮਹਿਲਾਵਾਂ ਲਈ ਆਮ ਅਤੇ ਵਿਸ਼ੇਸ਼ ਸਿਹਤ ਜਾਂਚਾਂ ਕਰਵਾਉਣਾ ਸੀ। ਕੈਂਪ ਦੌਰਾਨ 375 ਮਹਿਲਾਵਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਮੌਕੇ ਮਿਸ ਸੋਨਮ ਚੌਧਰੀ, ਏਡੀਸੀ (ਡੀ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਨਿਖਿਲ ਅਰੋੜਾ (ਜ਼ਿਲ੍ਹਾ ਪ੍ਰੋਗਰਾਮ ਅਫ਼ਸਰ), ਇੰਚਾਰਜ ਡੀਬੀਈਈ, ਜਸਪ੍ਰੀਤ ਬੈਂਸ (ਪ੍ਰਿੰਸੀਪਲ, ਸਰਕਾਰੀ ਕਾਲਜ ਫੇਜ਼-6), ਡਾ. ਤਮੰਨਾ ਸਿੰਘਲ (ਜ਼ਿਲ੍ਹਾ ਪਰਿਵਾਰ ਤੇ ਭਲਾਈ ਅਫ਼ਸਰ), ਗੁਰਸਿਮਰਨ ਕੌਰ (ਸੀਡੀਪੀਓ ਖਰੜ), ਸੁਖਮਨੀਤ ਕੌਰ (ਸੀਡੀਪੀਓ ਮਾਜਰੀ) ਅਤੇ ਸੁਮਨ (ਸੀਡੀਪੀਓ ਡੇਰਾਬੱਸੀ) ਦੇ ਨਾਲ ਮਿਲ ਕੇ ਚੁਣੇ ਗਏ ਉਮੀਦਵਾਰਾਂ ਨੂੰ ਆਫ਼ਰ ਪੱਤਰ ਵੰਡੇ। ਇਸ ਤੋਂ ਇਲਾਵਾ ਨਵਜਨਮੀ ਧੀਆਂ ਦੀਆਂ ਮਾਵਾਂ ਨੂੰ ਬੇਬੀ ਕਿੱਟਾਂ ਵੰਡੀਆਂ ਗਈਆਂ, ਜਦਕਿ ਸਿਹਤ ਜਾਂਚ ਕੈਂਪ ਵਿਚ ਸ਼ਾਮਲ ਹੋਈਆਂ ਮਹਿਲਾਵਾਂ ਨੂੰ ਹੈਲਥ ਕਿੱਟਾਂ ਵੀ ਦਿੱਤੀਆਂ ਗਈਆਂ। ਹਰ ਹੈਲਥ ਕਿੱਟ ਵਿਚ ਫਸਟ ਏਡ ਕਿੱਟ, ਥਰਮਾਮੀਟਰ, ਗਲੂਕੋਮੀਟਰ, ਵਾਈਪਸ ਅਤੇ ਸੈਨਿਟਰੀ ਨੇਪਕਿਨ ਸ਼ਾਮਲ ਸਨ। ਰੁਜ਼ਗਾਰ ਕੈਂਪ ਦੇ ਤਹਿਤ 21 ਕੰਪਨੀਆਂ ਨੇ ਭਾਗ ਲਿਆ, ਜਿਨ੍ਹਾਂ ਵਿਚ ਐਕਸਿਸ ਬੈਂਕ, ਆਰਐੱਸ ਮੈਨਪਾਵਰ ਪ੍ਰੋਵਾਈਡਰ, ਮੁਰਾਰੀ ਸਰਵਿਸਜ਼, ਵੀ5 ਗਲੋਬਲ ਸਰਵਿਸਜ਼ ਅਤੇ ਐੱਲਆਈਸੀ ਸਮੇਤ ਹੋਰ ਕੰਪਨੀਆਂ ਸ਼ਾਮਲ ਸਨ। ਇਨ੍ਹਾਂ ਕੰਪਨੀਆਂ ਵੱਲੋਂ 800 ਤੋਂ ਵੱਧ ਅਸਾਮੀਆਂ ਦੀ ਪੇਸ਼ਕਸ਼ ਕੀਤੀ ਗਈ ਅਤੇ 242 ਉਮੀਦਵਾਰਾਂ ਨੇ ਭਰਤੀ ਪ੍ਰਕਿਰਿਆ ਵਿਚ ਭਾਗ ਲਿਆ। ਕਾਰਜਕ੍ਰਮ ਦੌਰਾਨ ਸਵੈ ਸਹਾਇਤਾ ਸਮੂਹਾਂ (ਸੈਲਫ਼ ਹੈਲਪ ਗਰੁੱਪ) ਵੱਲੋਂ ਤਿਆਰ ਕੀਤੇ ਉਤਪਾਦਾਂ ਦੀ ਨੁਮਾਇਸ਼ ਅਤੇ ਵਿਕਰੀ ਵੀ ਲਗਾਈ ਗਈ, ਜਿਸ ਵਿਚ ਹੱਥ ਨਾਲ ਬੁਣੇ ਦੁਪੱਟੇ, ਫੁਲਕਾਰੀ ਕੰਮ, ਆਰਗੈਨਿਕ ਸ਼ਹਿਦ, ਦੇਸੀ ਘੀ ਅਤੇ ਹੋਰ ਸਥਾਨਕ ਤੌਰ ’ਤੇ ਤਿਆਰ ਕੀਤੇ ਉਤਪਾਦ ਸ਼ਾਮਲ ਸਨ। ਇਸ ਉਪਰਾਲੇ ਰਾਹੀਂ ਜ਼ਿਲ੍ਹੇ ਵਿਚ ਮਹਿਲਾ ਉਦਮੀਅਤਾ ਨੂੰ ਉਤਸ਼ਾਹਤ ਕਰਨ ਦਾ ਯਤਨ ਕੀਤਾ ਗਿਆ।