ਮੁਹਾਲੀ ਪੁਲਿਸ ਵੱਲੋਂ ਜਾਅਲੀ ਦਸਤਾਵੇਜ਼ਾਂ ਰਾਹੀਂ ਜਾਇਦਾਦਾਂ ਵੇਚਣ ਵਾਲੇ ਗਿਰੋਹ ਦਾ ਮੁਖੀ ਕਾਬੂ
ਜਾਅਲੀ ਦਸਤਾਵੇਜ਼ਾਂ ਰਾਹੀਂ ਜਾਇਦਾਦਾਂ ਵੇਚਣ ਵਾਲੇ ਗਿਰੋਹ ਦਾ ਮੁਖੀ ਕਾਬੂ
Publish Date: Tue, 06 Jan 2026 07:05 PM (IST)
Updated Date: Tue, 06 Jan 2026 07:08 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਆਈਟੀ ਸਿਟੀ ਥਾਣੇ ਦੀ ਪੁਲਿਸ ਨੇ ਮ੍ਰਿਤਕਾਂ ਅਤੇ ਵਿਦੇਸ਼ ਰਹਿੰਦੇ ਐੱਨਆਰਆਈ ਵਿਅਕਤੀਆਂ ਦੀਆਂ ਜਾਇਦਾਦਾਂ ਦੇ ਜਾਅਲੀ ਕਾਗਜ਼ ਤਿਆਰ ਕਰਕੇ ਵੇਚਣ ਵਾਲੇ ਇਕ ਵੱਡੇ ਗਿਰੋਹ ਦੇ ਮੁਖੀ ਨੂੰ ਗ੍ਰਿਫ਼ਤਾਰ ਕਰ ਲਿਆ। ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਗੁਰਜੀਤ ਸਿੰਘ ਵਾਸੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਜੋਂ ਹੋਈ ਹੈ। ਇਹ ਗਿਰੋਹ ਅਜਿਹੇ ਵਿਅਕਤੀਆਂ ਦੀ ਨਿਸ਼ਾਨਦੇਹੀ ਕਰਦਾ ਸੀ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੋਵੇ ਜਾਂ ਜੋ ਲੰਬੇ ਸਮੇਂ ਤੋਂ ਵਿਦੇਸ਼ਾਂ ਵਿਚ ਰਹਿ ਰਹੇ ਹੋਣ। ਮੁਲਜ਼ਮ ਯੂਪੀ ਦੇ ਗਾਜ਼ੀਆਬਾਦ ਤੋਂ ਜਾਅਲੀ ਜੀਪੀਏ, ਫ਼ਰਜ਼ੀ ਪੇਪਰ ਅਤੇ ਜਾਅਲੀ ਮੋਹਰਾਂ ਤਿਆਰ ਕਰਵਾ ਕੇ ਕਰੋੜਾਂ ਦੀਆਂ ਜ਼ਮੀਨਾਂ ਅੱਗੇ ਵੇਚ ਦਿੰਦੇ ਸਨ। ਪੁਲਿਸ ਅਨੁਸਾਰ ਇਸ ਵਿਅਕਤੀ ਵੱਲੋਂ ਹੁਣ ਤੱਕ ਲਗਭਗ 7 ਕਰੋੜ ਰੁਪਏ ਦੀ ਠੱਗੀ ਮਾਰੀ ਜਾ ਚੁੱਕੀ ਹੈ। ਥਾਣਾ ਆਈਟੀ ਸਿਟੀ ਦੇ ਮੁਖ ਅਫ਼ਸਰ ਇੰਸਪੈਕਟਰ ਅਮਨਦੀਪ ਕੰਬੋਜ ਸਮੇਤ ਪੁਲਿਸ ਪਾਰਟੀ ਵੱਲੋਂ ਕੀਤੀ ਗਈ ਇਸ ਕਾਰਵਾਈ ਵਿਚ ਮੁਲਜ਼ਮ ਵਿਰੁੱਧ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ 318(4), 316(2), 61(2), 336(2)(3), 337, 339, 340(2) ਅਤੇ 249 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਡੀਐੱਸਪੀ ਬੱਲ ਨੇ ਦੱਸਿਆ ਕਿ ਗੁਰਜੀਤ ਸਿੰਘ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਪੁੱਛਗਿੱਛ ਵਿਚ ਇਸ ਗਿਰੋਹ ਦੇ ਹੋਰ ਮੈਂਬਰਾਂ ਅਤੇ ਕਈ ਹੋਰ ਵੱਡੇ ਖ਼ੁਲਾਸੇ ਹੋਣ ਦੀ ਪੂਰੀ ਉਮੀਦ ਹੈ।