ਹਰਦੀਪ ਕੌਰ ਸਾਹਿਤਕਾਰਾ ਕਿਰਨ ਬੇਦੀ ਐਵਾਰਡ ਦੇ ਨਾਲ ਸਨਮਾਨਿਤ
ਹਰਦੀਪ ਕੌਰ ਸਾਹਿਤਕਾਰਾ ਕਿਰਨ ਬੇਦੀ ਅਵਾਰਡ ਦੇ ਨਾਲ ਸਨਮਾਨਿਤ
Publish Date: Tue, 06 Jan 2026 06:53 PM (IST)
Updated Date: Tue, 06 Jan 2026 06:53 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬੀ ਸਾਹਿਤ ਅਤੇ ਸਮਾਜਿਕ ਸਰੋਕਾਰਾਂ ਦੇ ਖੇਤਰ ’ਚ ਸਰਗਰਮ ਲੇਖਿਕਾ ਅਤੇ ਪੱਤਰਕਾਰ ਹਰਦੀਪ ਕੌਰ ਨੂੰ ਉਨ੍ਹਾਂ ਦੀ ਲਗਾਤਾਰ ਸਾਹਿਤਕ ਸਰਗਰਮੀਆਂ, ਸਮਾਜ ਨਾਲ ਜੁੜੀ ਲੇਖਣੀ ਅਤੇ ਵਿਸ਼ੇਸ਼ ਯੋਗਦਾਨ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵੱਲੋਂ ‘ਸਾਹਿਤਕਾਰਾ ਕਿਰਨ ਬੇਦੀ ਐਵਾਰਡ’ ਦੇ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹਰਦੀਪ ਕੌਰ ਦੀ ਚਰਚਿਤ ਪੁਸਤਕ ‘ਸ਼ਮਸ਼ਾਨ ਘਾਟ ਸੌਂਗਿਆਂ’ ਨੂੰ ਪਹਿਲਾਂ ਹੀ ਪੰਜਾਬੀ ਸਾਹਿਤ ਵਿਚ ਖ਼ਾਸ ਪਛਾਣ ਮਿਲ ਚੁੱਕੀ ਹੈ। ਇਹ ਪੁਸਤਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਰਿਲੀਜ਼ ਕੀਤੀ ਗਈ ਸੀ, ਜਿਸ ਨੂੰ ਸਾਹਿਤਕ ਜਗਤ ਵਿਚ ਵੱਡੀ ਉਪਲਬਧੀ ਮੰਨਿਆ ਗਿਆ। ਇਹ ਅਵਾਰਡ ਸਮਾਰੋਹ ਪੰਜਾਬ ਕਲਾ ਭਵਨ, ਸੈਕਟਰ-16 ਚੰਡੀਗੜ੍ਹ ਵਿਖੇ ਕਰਵਾਏ ਗਏ ਤੀਜੇ ਰਾਜ ਪੱਧਰੀ ਕਵੀ ਦਰਬਾਰ ਅਤੇ ਪਲੇਠੀ ਕਿਤਾਬ ‘ਤੇਰੀ ਰਹਿਮਤ’ ਦੇ ਲੋਕ ਅਰਪਣ ਸਮਾਗਮ ਦੌਰਾਨ ਆਯੋਜਿਤ ਕੀਤਾ ਗਿਆ। ਸਮਾਗਮ ਵਿਚ ਸਾਹਿਤਕ ਨੇੜਤਾ, ਵਿਚਾਰ-ਵਟਾਂਦਰੇ ਅਤੇ ਰਚਨਾਤਮਕ ਸਰਗਰਮੀਆਂ ਦਾ ਵਿਸ਼ੇਸ਼ ਮਾਹੌਲ ਬਣਿਆ ਰਿਹਾ। ਸਮਾਗਮ ਦੇ ਮੁੱਖ ਮਹਿਮਾਨ ਹਰਭਜਨ ਸਿੰਘ ਭਗਰੱਥ, ਪ੍ਰਧਾਨ ਵਿਸ਼ਵ ਸਾਹਿਤਕ ਸਿਤਾਰੇ ਮੰਚ (ਰਜਿ:) ਤਰਨਤਾਰਨ ਸਨ, ਜਦਕਿ ਵਿਸ਼ੇਸ਼ ਮਹਿਮਾਨਾਂ ਵਿਚ ਬਾਬੂ ਰਾਮ ਦੀਵਾਨਾ, ਪ੍ਰਧਾਨ ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ:) ਮੁਹਾਲੀ ਅਤੇ ਪ੍ਰਿੰ: ਬਹਾਦਰ ਸਿੰਘ ਗੋਸਲ, ਪ੍ਰਧਾਨ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਸ਼ਾਮਲ ਰਹੇ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਇਸ ਉਪਰੰਤ ਪੰਜਾਬ ਅਤੇ ਦਿੱਲੀ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਕਵੀਆਂ ਅਤੇ ਕਵਿਤਰੀਆਂ ਵੱਲੋਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਬੁਲਾਰਿਆਂ ਨੇ ਕਿਹਾ ਕਿ ਹਰਦੀਪ ਕੌਰ ਦੀ ਲੇਖਣੀ ਸਮਾਜ ਦੇ ਹਾਸ਼ੀਏ ’ਤੇ ਖੜ੍ਹੇ ਮਸਲਿਆਂ ਨੂੰ ਆਵਾਜ਼ ਦਿੰਦੀ ਹੈ ਅਤੇ ਉਨ੍ਹਾਂ ਦੀ ਪੁਸਤਕ ‘ਸ਼ਮਸ਼ਾਨ ਘਾਟ ਸੌਂਗਿਆਂ’ ਇਸ ਦੀ ਸਪਸ਼ਟ ਮਿਸਾਲ ਹੈ। ਸੱਥ ਦੇ ਪ੍ਰਧਾਨ ਰਾਜਵਿੰਦਰ ਸਿੰਘ ਗੱਡੂ, ਜਨਰਲ ਸਕੱਤਰ ਬਲਜਿੰਦਰ ਕੌਰ ਸ਼ੇਰਗਿੱਲ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਧੀਮਾਨ ਅਤੇ ਮੀਤ ਪ੍ਰਧਾਨ ਡਾ. ਰਜਿੰਦਰ ਰੇਨੂੰ ਵੱਲੋਂ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਪੁਸਤਕ ਵਿਚ ਸ਼ਾਮਲ ਸਾਹਿਤਕਾਰਾਂ ਨੂੰ ਪੁਸਤਕਾਂ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।