ਸਮਾਰਟ ਸਿਟੀ ਮੁਹਾਲੀ ਦੀ ਜ਼ਮੀਨੀ ਹਕੀਕਤ, ਵੱਖ-ਵੱਖ ਇਲਾਕਿਆਂ ’ਚ ਸੀਵਰੇਜ ਸੰਕਟ ਕਾਰਨ ਲੋਕ ਬੇਹਾਲ
ਸਮਾਰਟ ਸਿਟੀ ਮੁਹਾਲੀ ਦੀ ਜ਼ਮੀਨੀ ਹਕੀਕਤ, ਵੱਖ-ਵੱਖ ਇਲਾਕਿਆਂ ਵਿਚ ਸੀਵਰੇਜ ਸੰਕਟ ਕਾਰਨ ਲੋਕ ਬੇਹਾਲ
Publish Date: Mon, 30 Mar 2026 06:39 PM (IST)
Updated Date: Mon, 30 Mar 2026 06:42 PM (IST)

- 40 ਲੱਖ ਜਾਰੀ ਹੋਣ ਦੇ ਬਾਵਜੂਦ ਕੰਮ ਅੱਧ ਵਿਚਾਲੇ ਲਟਕਿਆ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਸਮਾਰਟ ਸਿਟੀ ਵਜੋਂ ਵਿਕਸਤ ਕੀਤੇ ਜਾ ਰਹੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੀ ਹੈ। ਫੇਜ਼-6 ਵਿਚ ਪਿਛਲੇ ਕਰੀਬ 5 ਮਹੀਨਿਆਂ ਤੋਂ ਖ਼ਰਾਬ ਸੀਵਰੇਜ ਵਿਵਸਥਾ ਕਾਰਨ ਗੰਦਾ ਪਾਣੀ ਸੜਕਾਂ ਅਤੇ ਮੁਹੱਲਿਆਂ ਵਿਚ ਫੈਲ ਰਿਹਾ ਹੈ, ਜਿਸ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ ਫੈਲ ਰਹੀ ਬਦਬੂ ਅਤੇ ਗੰਦਗੀ ਕਾਰਨ ਨਾ ਸਿਰਫ਼ ਬਿਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ, ਸਗੋਂ ਲੋਕਾਂ ਦਾ ਰੋਜ਼ਾਨਾ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਥਾਨਕ ਵਸਨੀਕ ਅਤੇ ‘ਗੁੱਡ ਸਮਾਰਟਨ ਸੁਸਾਇਟੀ’ ਦੇ ਸਕੱਤਰ ਉਮਾ ਕਾਂਤ ਤਿਵਾੜੀ ਨੇ ਦੱਸਿਆ ਕਿ ਇਹ ਸਮੱਸਿਆ ਲੰਮੇ ਸਮੇਂ ਤੋਂ ਬਣੀ ਹੋਈ ਹੈ, ਪਰ ਇਸ ਦੇ ਹੱਲ ਦੇ ਨਾਂ ’ਤੇ ਸਿਰਫ਼ ਭਰੋਸੇ ਹੀ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਕਰੀਬ ਇਕ ਮਹੀਨਾ ਪਹਿਲਾਂ 40 ਲੱਖ ਰੁਪਏ ਜਾਰੀ ਕੀਤੇ ਗਏ ਸਨ ਅਤੇ ਕੰਮ ਸ਼ੁਰੂ ਕਰਨ ਲਈ ਟੈਂਡਰ ਵੀ ਲਗਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਹਾਲੇ ਤੱਕ ਕੰਮ ਅਧੂਰਾ ਪਿਆ ਹੈ। ਦਲਿਤ ਚੇਤਨਾ ਮੰਚ ਪੰਜਾਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਪੁਰਖਾਲਵੀ ਨੇ ਕਿਹਾ ਕਿ ਮੁਹਾਲੀ ਦੀ ਕਾਰ ਮਾਰਕੀਟ ਵਿਚ ਵੀ ਸੀਵਰੇਜ ਦੀ ਗੰਭੀਰ ਸਮੱਸਿਆ ਹੈ। ਇੱਥੇ ਸ਼ੋਅਰੂਮਾਂ ਦੇ ਨਾਲ ਚੱਲ ਰਹੇ ਖਾਣ-ਪੀਣ ਦੇ ਪੁਆਇੰਟਾਂ ਕਾਰਨ ਸੀਵਰੇਜ ਸਿਸਟਮ ’ਤੇ ਵਾਧੂ ਬੋਝ ਪੈ ਰਿਹਾ ਹੈ, ਜਿਸ ਕਾਰਨ ਗੰਦਾ ਪਾਣੀ ਓਵਰਫਲੋਅ ਹੋ ਕੇ ਆਲੇ-ਦੁਆਲੇ ਫੈਲ ਰਿਹਾ ਹੈ ਅਤੇ ਵਪਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਕਟਰ-79 ਵਿਚ ਵੀ ਸੀਵਰੇਜ ਦੀ ਸਮੱਸਿਆ ਦਾ ਮੁੱਦਾ ਨਗਰ ਨਿਗਮ ਦੀ ਬੈਠਕ ਵਿਚ ਉਠ ਚੁੱਕਾ ਹੈ। ਪਰ ਹਾਲੇ ਤੱਕ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਫੇਜ਼-7 ਵਿਚ ਵੀ ਲਗਾਤਾਰ ਸਥਿਤੀ ਵਿਗੜ ਰਹੀ ਹੈ। ਇੱਥੇ ਸ਼ੋਅਰੂਮਾਂ ਦੇ ਪਿੱਛੇ ਗੰਦਾ ਪਾਣੀ ਸੀਵਰੇਜ ਨਾਲ ਮਿਲ ਕੇ ਪਾਰਕਿੰਗ ਏਰੀਆ ਵਿਚ ਓਵਰਫਲੋਅ ਹੋ ਰਿਹਾ ਹੈ। ਜਿਸ ਨਾਲ ਸਥਿਤੀ ਹੋਰ ਵੀ ਗੰਭੀਰ ਹੁੰਦੀ ਜਾ ਰਹੀ ਹੈ। ਕੁੱਲ ਮਿਲਾ ਕੇ ਸਮਾਰਟ ਸਿਟੀ ਮੁਹਾਲੀ ਵਿਚ ਸੀਵਰੇਜ ਵਿਵਸਥਾ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ। ਅਜੈਬ ਸਿੰਘ ਬਾਕਰਪੁਰ ਅਤੇ ਹੋਰਨਾਂ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਹੀ ਇਸ ਸਮੱਸਿਆ ਦਾ ਸਥਾਈ ਹੱਲ ਨਾ ਕੀਤਾ ਗਿਆ, ਤਾਂ ਆਉਣ ਵਾਲੇ ਸਮੇਂ ਵਿਚ ਇਹ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਸੈਕਟਰ-76 ਤੋਂ 80 ਸਮੇਤ ਜਦੋਂ ਹੋਰ ਨਵੇਂ ਇਲਾਕੇ ਨਗਰ ਨਿਗਮ ਅਧੀਨ ਲਏ ਗਏ ਸਨ, ਉਦੋਂ ਸੜਕਾਂ, ਪਾਰਕਾਂ, ਰੋਡ ਗਲੀਆਂ ਸਮੇਤ ਹੋਰ ਬਹੁਤ ਸਾਰੇ ਵਿਕਾਸ ਕੰਮ ਹੋਣ ਵਾਲੇ ਸਨ ਪਰ ਬਾਅਦ ਵਿਚ ਗਮਾਡਾ ਅਤੇ ਸਰਕਾਰ ਨੇ ਇਨ੍ਹਾਂ ਇਲਾਕਿਆਂ ਦੇ ਵਿਕਾਸ ਨੂੰ ਬਹੁਤੀ ਤਵੱਜੋਂ ਨਹੀਂ ਦਿੱਤੀ ਗਈ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸਰਕਾਰ ਨੇ ਪੁੱਡਾ ਗਮਾਡਾ ਰਾਹੀਂ ਜ਼ਮੀਨਾਂ ਵੇਚ ਕਿ ਮੋਟੀ ਕਮਾਈ ਕੀਤੀ ਹੈ। ਇਸ ਲਈ ਮੁਹਾਲੀ ਦੇ ਬਾਸ਼ਿੰਦਿਆਂ ਨੂੰ ਚੰਡੀਗੜ੍ਹ ਨਾਲੋਂ ਵਧੀਆ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।