ਇਕੋ ਰਾਤ ਦੋ ਗੁਰੂ ਘਰਾਂ ਦੀਆਂ ਗੋਲਕਾਂ ਚੋਰੀ
ਇਕੋ ਰਾਤ ਦੋ ਗੁਰੂ ਘਰਾਂ ਦੀਆਂ ਗੋਲਕਾਂ ਚੋਰੀ
Publish Date: Tue, 03 Mar 2026 06:43 PM (IST)
Updated Date: Tue, 03 Mar 2026 06:47 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਲਾਲੜੂ ਖੇਤਰ ਚ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ, ਚੋਰਾਂ ਨੇ ਲੰਘੀ ਰਾਤ ਨੂੰ ਦੋ ਪਿੰਡਾਂ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਰੱਖੀਆਂ ਗੋਲਕਾਂ ਨੂੰ ਚੋਰੀ ਕਰ ਲਿਆ ਹੈ। ਦੱਸਣਯੋਗ ਹੈ ਕਿ ਨੇੜਲੇ ਪਿੰਡ ਤੋਗਾਂਪੁਰ ਅਤੇ ਆਗਾਂਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਇਕੋ ਰਾਤ ਗੋਲਕਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਇਹ ਦੋਵੇਂ ਚੋਰੀਆਂ ਇਕ ਹੀ ਗਿਰੋਹ ਵੱਲੋਂ ਕੀਤੀਆਂ ਦੱਸੀਆਂ ਜਾ ਰਹੀਆਂ ਹਨ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੈਹਲੀ ਚੌਕੀ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਤੋਗਾਂਪੁਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਪਿੰਡ ਆਗਾਂਪੁਰ ਦੇ ਗ੍ਰੰਥੀ ਗੁਰਮੁੱਖ ਸਿੰਘ ਨੇ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਪਿੰਡਾਂ ਵਿਚ ਬਣੇ ਗੁਰੂ ਘਰਾਂ ਵਿਚ ਰੱਖੀਆਂ ਗੋਲਕਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਅਨੁਸਾਰ ਚੋਰਾਂ ਦੇ ਗਿਰੋਹ ਨੇ ਸਵੇਰੇ 2:18 ਮਿੰਟ ’ਤੇ ਪਿੰਡ ਤੋਗਾਂਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਵੜ ਕੇ ਗੋਲਕ ਚੋਰੀ ਕੀਤੀ ਅਤੇ ਫਿਰ ਉਸੇ ਹੀ ਗਿਰੋਹ ਨੇ ਸਵੇਰੇ 3 ਵਜੇ ਪਿੰਡ ਆਗਾਂਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਰੱਖੀ ਗੋਲਕ ਚੋਰੀ ਕਰ ਲਈ। ਉਨ੍ਹਾਂ ਦੱਸਿਆ ਕਿ ਸਵੇਰੇ ਦਿਨ ਚੜ੍ਹਦੇ ਦੋਵੇਂ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਪਿੰਡਾਂ ਤੋਂ ਦੂਰ ਖੇਤਾਂ ਵਿਚ ਖਾਲੀ ਤੇ ਵੀਰਾਨ ਪਈਆਂ ਮਿਲੀਆਂ। ਉਨ੍ਹਾਂ ਦੱਸਿਆ ਕਿ ਚੋਰ ਕਿਸੇ ਭਾਰੀ ਚੀਜ ਨਾਲ ਗੁਰਦੁਆਰਾ ਸਾਹਿਬ ਦੇ ਮੂਹਰੇ ਵਾਲੇ ਦਰਵਾਜ਼ੇ ਤੋੜ ਕੇ ਅੰਦਰ ਦਾਖ਼ਲ ਹੋਏ ਸਨ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਲੈਹਲੀ ਪੁਲਿਸ ਨੇ ਸ਼ੱਕੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਚੋਰਾਂ ਨੂੰ ਜਲਦ ਹੀ ਫੜ ਲਿਆ ਜਾਵੇਗਾ।