ਗਮਾਡਾ ਦੇ ਇੱਕ ਹਜ਼ਾਰ ਕਰੋੜ ਦੇ ਟੈਂਡਰ ਨੇ ਖੜ੍ਹਾ ਕੀਤਾ ਵਿਵਾਦ
ਗਮਾਡਾ ਦੇ ਇਕ ਹਜ਼ਾਰ ਕਰੋੜ ਦੇ ਟੈਂਡਰ ਨੇ ਖੜ੍ਹਾ ਕੀਤਾ ਵਿਵਾਦ, ਪਰਵਿੰਦਰ ਸਿੰਘ ਸੋਹਾਣਾ ਨੇ ਲਗਾਏ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼
Publish Date: Mon, 05 Jan 2026 07:26 PM (IST)
Updated Date: Mon, 05 Jan 2026 07:29 PM (IST)

- ਪਰਵਿੰਦਰ ਸਿੰਘ ਸੋਹਾਣਾ ਨੇ ਲਾਏ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਜੀਐੱਸ ਸੰਧੂ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਮੁਹਾਲੀ ਵਿਚ ਗਮਾਡਾ ਵੱਲੋਂ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਇੱਕ ਹਜ਼ਾਰ ਕਰੋੜ ਰੁਪਏ ਦੇ ਇਕਲੌਤੇ ਟੈਂਡਰ ਨੇ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿਚ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਇਸ ਨੂੰ ਇੱਕ ਬਹੁਤ ਵੱਡਾ ‘ਸਕੈਮ’ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਨੀਤੀ ਛੋਟੇ ਠੇਕੇਦਾਰਾਂ ਦਾ ਰੁਜ਼ਗਾਰ ਖ਼ਤਮ ਕਰ ਕੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਬਣਾਈ ਗਈ ਹੈ। ਛੋਟੇ ਠੇਕੇਦਾਰਾਂ ਦੇ ਰੁਜ਼ਗਾਰ ’ਤੇ ਖ਼ਤਰਾ : ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਪਹਿਲਾਂ ਵੱਖ-ਵੱਖ ਕੰਮਾਂ (ਸੜਕਾਂ, ਹਾਰਟੀਕਲਚਰ, ਪਬਲਿਕ ਹੈਲਥ) ਲਈ ਵੱਖ-ਵੱਖ ਟੈਂਡਰ ਲਗਾਏ ਜਾਂਦੇ ਸਨ, ਜਿਸ ਨਾਲ ਛੋਟੇ ਅਤੇ ਦਰਮਿਆਨੇ ਠੇਕੇਦਾਰਾਂ ਨੂੰ ਕੰਮ ਮਿਲਦਾ ਸੀ ਪਰ ਹੁਣ ਸਾਰੇ ਕੰਮਾਂ ਨੂੰ ਇਕੋ ਟੈਂਡਰ ਵਿਚ ‘ਕਲੱਬ’ ਕਰ ਕੇ ਮਨੋਪਲੀ (ਏਕਾਧਿਕਾਰ) ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਨਿਗਮ ਅਧੀਨ ਆਉਂਦੀਆਂ ਸੜਕਾਂ ਵੀ ਜਾਣਬੁੱਝ ਕੇ ਵਾਪਸ ਲਈਆਂ ਗਈਆਂ ਹਨ ਤਾਂ ਜੋ ਟੈਂਡਰ ਦੀ ਰਕਮ ਵੱਡੀ ਦਿਖਾਈ ਜਾ ਸਕੇ। ਭ੍ਰਿਸ਼ਟਾਚਾਰ ਅਤੇ ਕਮਿਸ਼ਨਖੋਰੀ ਦੇ ਦੋਸ਼ : ਅਕਾਲੀ ਆਗੂ ਨੇ ਸਨਸਨੀਖੇਜ਼ ਖ਼ੁਲਾਸਾ ਕਰਦਿਆਂ ਕਿਹਾ ਕਿ ਵੱਡੇ ਟੈਂਡਰਾਂ ਵਿਚ ਹੁਣ ਕਮਿਸ਼ਨ ਦਾ ਅੰਕੜਾ 20 ਫ਼ੀਸਦੀ ਤੋਂ ਵਧ ਕੇ 40 ਫ਼ੀਸਦੀ ਤਕ ‘ਅੰਡਰਟੇਬਲ’ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸਾਂ ਦਾ ਪੈਸਾ ਸਰਕਾਰ ਕਾਰਪੋਰੇਟਾਂ ਰਾਹੀਂ ਆਪਣੀਆਂ ਜੇਬਾਂ ਵਿਚ ਪਾਉਣ ਦੀ ਤਿਆਰੀ ਕਰ ਰਹੀ ਹੈ। ਸੋਹਾਣਾ ਨੇ ਕਿਹਾ ਕਿ ਗਮਾਡਾ ਦੇ ਅਧਿਕਾਰੀ ਖ਼ੁਦ ਇਸ ਵੱਡੇ ਟੈਂਡਰ ਦੀ ਜਵਾਬਦੇਹੀ ਨੂੰ ਲੈ ਕੇ ਚਿੰਤਤ ਹਨ। ਸ਼ਾਮਲਾਤ ਜ਼ਮੀਨਾਂ ਤੇ ਸਬਜ਼ੀ ਮੰਡੀ ਨੂੰ ਵੇਚਣ ਦੀ ਤਿਆਰੀ : ਸੋਹਾਣਾ ਨੇ ਦੋਸ਼ ਲਾਇਆ ਕਿ ਮੁਹਾਲੀ ਦੀ ਪ੍ਰਾਈਮ ਲੋਕੇਸ਼ਨ ਸਾਈਟਾਂ ਅਤੇ ਏਸ਼ੀਆ ਦੀ ਬਿਹਤਰੀਨ ਏਸੀ ਸਬਜ਼ੀ ਮੰਡੀ ਨੂੰ ਕਰੋੜਾਂ ਰੁਪਏ ਵਿਚ ਵੇਚਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਤੋਂ ਇਲਾਵਾ 14 ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਨੂੰ ਬਿਲਡਰਾਂ ਦੇ ਹਵਾਲੇ ਕਰਨ ਦੀ ਯੋਜਨਾ ਹੈ। ਉਨ੍ਹਾਂ ਉਦਾਹਰਨ ਦਿੱਤੀ ਕਿ ਲਖਨੌਰ ਵਰਗੇ ਪਿੰਡਾਂ ਵਿਚ ਜਿੱਥੇ ਜ਼ਮੀਨ ਦੀ ਕੀਮਤ 20 ਕਰੋੜ ਰੁਪਏ ਪ੍ਰਤੀ ਕਿੱਲਾ ਹੈ, ਉੱਥੇ ਸਰਕਾਰ ਸਿਰਫ਼ 4 ਕਰੋੜ ਰੁਪਏ ਦੇ ਹਿਸਾਬ ਨਾਲ ਜ਼ਮੀਨ ਲੈ ਕੇ ਵੱਡਾ ਘੁਟਾਲਾ ਕਰ ਰਹੀ ਹੈ। ਅਕਾਲੀ ਦਲ ਵੱਲੋਂ ਸੰਘਰਸ਼ ਦਾ ਐਲਾਨ : ਪਰਵਿੰਦਰ ਸਿੰਘ ਸੋਹਾਣਾ ਨੇ ਸਪੱਸ਼ਟ ਕੀਤਾ ਕਿ ਛੋਟੇ ਠੇਕੇਦਾਰਾਂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਵਿਚ ਕਾਨੂੰਨੀ ਲੜਾਈ ਲੜਨ ਦੇ ਨਾਲ-ਨਾਲ ਸੜਕਾਂ ’ਤੇ ਉਤਰ ਕੇ ਪ੍ਰਦਰਸ਼ਨ ਵੀ ਕਰੇਗਾ।