ਸਿਹਤ ਕੇਂਦਰ ’ਚ ਮਨਾਈ ਧੀਆਂ ਦੀ ਲੋਹੜੀ
ਸਿਹਤ ਕੇਂਦਰ ’ਚ ਮਨਾਈ ਧੀਆਂ ਦੀ ਲੋਹੜੀ
Publish Date: Sun, 11 Jan 2026 06:34 PM (IST)
Updated Date: Sun, 11 Jan 2026 06:36 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਸਿਹਤ ਕੇਂਦਰ ਜੜੌਤ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ, ਜਿਸ ’ਚ ਸੀਐੱਚਸੀ ਲਾਲੜੂ ਦੇ ਐੱਸਐੱਮਓ ਡਾ. ਨਵੀਨ ਕੌਸ਼ਿਕ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ ਇਕ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅਜੌਕੇ ਸਮੇਂ ਵਿਚ ਲੋਕਾਂ ਦੀ ਸੋਚ ਬਦਲਦੀ ਜਾ ਰਹੀ ਹੈ ਤੇ ਉਹ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਰਜਾ ਦੇਣ ਲੱਗੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਮਰਦ ਦੇ ਬਰਾਬਰ ਦਰਜਾ ਦੇ ਕੇ ਵੱਡੇ-ਛੋਟੇ ਦਾ ਭੇਦ ਖ਼ਤਮ ਕਰ ਦਿੱਤਾ ਸੀ ਤੇ ਹੁਣ ਲੋਕ ਵੀ ਉਨ੍ਹਾਂ ਦੀ ਸੋਚ ’ਤੇ ਚਲਣ ਲੱਗੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀਆਂ ਧੀਆਂ ਪੜ੍ਹ ਲਿਖ ਕੇ ਉੱਚੇ ਅਹੁਦਿਆਂ ’ਤੇ ਸੇਵਾਵਾਂ ਨਿਭਾ ਰਹੀਆਂ ਹਨ ਤੇ ਫ਼ੌਜ ਵਿਚ ਭਰਤੀ ਹੋ ਕੇ ਦੇਸ ਦੀ ਸੇਵਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪੁੱਤਰਾਂ ਦੇ ਨਾਲ-ਨਾਲ ਧੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ। ਇਸ ਮੌਕੇ ਸਿਹਤ ਕੇਂਦਰ ਜੜੌਤ ਦੀ ਇੰਚਾਰਜ ਏਐੱਨਐੱਮ ਗੀਤਾ ਸੈਣੀ ਨੇ ਦੱਸਿਆ ਕਿ ਇਸ ਮੌਕੇ ਪਿੰਡ ਵਿਚੋਂ ਧੀਆਂ ਨੂੰ ਬੁਲਾਇਆ ਗਿਆ ਤੇ ਡਾ. ਨਵੀਨ ਕੌਸ਼ਿਕ ਵੱਲੋਂ ਹੀ ਲੋਹੜੀ ਨੂੰ ਅੱਗ ਵਿਖਾਈ ਗਈ। ਮੱਥਾ ਟੇਕਣ ਉਪਰੰਤ ਦੋ-ਦੋ ਧੀਆਂ ਵਾਲੀਆਂ ਮਾਵਾਂ ਸਮੇਤ ਉਥੇ ਪੁੱਜੀਆਂ ਸਾਰੀਆਂ ਧੀਆਂ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮੂੰਗਫਲੀ ਤੇ ਰੇਵੜੀਆਂ ਵੰਡੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਕੇਂਦਰ ਜੜੌਤ ਦੇ ਸੀਐੱਚਓ ਮਨਪ੍ਰੀਤ ਕੌਰ, ਐੱਸਆਈ ਸ਼ਿਵ ਕੁਮਾਰ, ਆਸ਼ਾ ਵਰਕਰ ਕਰਮਜੀਤ ਕੌਰ, ਸੁਰਿੰਦਰ ਕੌਰ, ਸੀਮਾ ਰਾਣੀ, ਸੁਦਰਸ਼ਨ ਕੌਰ ਅਤੇ ਪਿੰਡ ਵਾਸੀ ਪਰਵਿੰਦਰ ਸਿੰਘ, ਹਰੀ ਚੰਦ ਅਤੇ ਸੁਭਾਸ਼ ਕੁਮਾਰ ਆਦਿ ਵੀ ਹਾਜ਼ਰ ਸਨ।