ਗੱਡੀਆਂ ਦੇ ਫ਼ਰਜ਼ੀ ਕਾਗਜ਼ ਬਣਾ ਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼
ਗੱਡੀਆਂ ਦੇ ਫ਼ਰਜ਼ੀ ਕਾਗਜ਼ ਬਣਾ ਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼
Publish Date: Mon, 06 Apr 2026 10:13 PM (IST)
Updated Date: Mon, 06 Apr 2026 10:17 PM (IST)

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ ਤੇ ਗੱਡੀਆਂ ਦੀ ਰਜਿਸਟਰੇਸ਼ਨ ਕਰਨ ਅਤੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਇਕ ਅੰਤਰਰਾਜੀ ਗਿਰੋਹ ਦਾ ਜ਼ੀਰਕਪੁਰ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਇਸ ਪੂਰੇ ਫ਼ਰਜ਼ੀਵਾੜੇ ਦੀਆਂ ਤਾਰਾਂ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਸਥਿਤ ਆਰਐੱਲਏ ਦਫ਼ਤਰ ਨਾਲ ਜੁੜੀਆਂ ਹੋਈਆਂ ਹਨ, ਜਿੱਥੇ ਸਰਕਾਰੀ ਸਿਸਟਮ ਵਿਚ ਸੰਨ੍ਹ ਲਗਾ ਕੇ ਚੋਰੀ ਅਤੇ ਬਾਹਰਲੇ ਰਾਜਾਂ ਦੀਆਂ ਗੱਡੀਆਂ ਦੀ ਨਾਜਾਇਜ਼ ਤਰੀਕੇ ਨਾਲ ਰਜਿਸਟਰੇਸ਼ਨ ਕੀਤੀ ਜਾਂਦੀ ਸੀ। ਪੁਲਿਸ ਨੇ ਇਸ ਮਾਮਲੇ ਵਿਚ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਸੁਭਾਸ਼ ਚੰਦ ਨਾਮੀ ਵਿਅਕਤੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਹੈ। ਸਰਕਾਰੀ ਆਈਡੀ ਦੀ ਹੁੰਦੀ ਸੀ ਦੁਰਵਰਤੋਂ : ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸੁਭਾਸ਼ ਚੰਦ ਬਿਲਾਸਪੁਰ ਸਥਿਤ ਆਰਐੱਲਏ ਦਫ਼ਤਰ ਵਿਚ ਤਾਇਨਾਤ ਸੀ। ਉਸ ਦੀ ਡਿਊਟੀ ਦੌਰਾਨ ਉਸ ਦੀ ਸਰਕਾਰੀ ਯੂਜ਼ਰ ਆਈਡੀ ਦੀ ਵਰਤੋਂ ਕਰਕੇ ਕਈ ਗੱਡੀਆਂ ਦੀ ਫ਼ਰਜ਼ੀ ਰਜਿਸਟਰੇਸ਼ਨ ਕੀਤੀ ਗਈ ਅਤੇ ਬਾਹਰਲੇ ਰਾਜਾਂ ਦੀਆਂ ਗੱਡੀਆਂ ਨੂੰ ਹਿਮਾਚਲ ਦੇ ਨੰਬਰਾਂ ਤੇ ਨਾਜਾਇਜ਼ ਰੂਪ ਵਿਚ ਤਬਦੀਲ ਕਰ ਦਿੱਤਾ ਗਿਆ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਜੋ ਇਸ ਖੇਡ ਵਿਚ ਸ਼ਾਮਲ ਹੋਰਨਾਂ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਸਕੇ। ਇੰਝ ਹੋਇਆ ਫ਼ਰਜ਼ੀਵਾੜੇ ਦਾ ਖ਼ੁਲਾਸਾ : ਇਸ ਵੱਡੇ ਸਕੈਮ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਜ਼ੀਰਕਪੁਰ ਦੇ ਇਕ ਪ੍ਰਾਪਰਟੀ ਡੀਲਰ ਰਾਕੇਸ਼ ਕੁਮਾਰ ਯਾਦਵ ਨੇ ਆਪਣੀ ਫਾਰਚੂਨਰ ਕਾਰ 15 ਲੱਖ ਰੁਪਏ ਵਿਚ ਗਿਰਵੀ ਰੱਖੀ ਸੀ। ਅਕਤੂਬਰ 2025 ਵਿਚ ਜਦੋਂ ਰਾਕੇਸ਼ ਆਪਣੀ ਕਾਰ ਦੀ ਸਰਵਿਸ ਕਰਵਾਉਣ ਗਿਆ ਤਾਂ ਜਾਂਚ ਦੌਰਾਨ ਪਤਾ ਲੱਗਿਆ ਕਿ ਗੱਡੀ ਤੇ ਹੁਣ ਹਿਮਾਚਲ ਪ੍ਰਦੇਸ਼ ਦਾ ਨੰਬਰ ਦਰਜ ਹੈ। ਰਾਕੇਸ਼ ਯਾਦਵ ਦੀ ਸ਼ਿਕਾਇਤ ਤੇ ਪੁਲਿਸ ਨੇ ਸ਼ਿਵ ਕੁਮਾਰ ਸੂਦ, ਅਨਿਲ ਅਤੇ ਬਿੱਟੂ ਚੌਧਰੀ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਿਸ ਦੀ ਜਾਂਚ ਦੌਰਾਨ ਸੁਭਾਸ਼ ਚੰਦ ਦਾ ਨਾਮ ਸਾਹਮਣੇ ਆਇਆ। ਏਜੰਟਾਂ ਤੇ ਕੱਸਿਆ ਜਾਵੇਗਾ ਸ਼ਿਕੰਜਾ : ਜਾਂਚ ਅਧਿਕਾਰੀ ਐੱਸਆਈ ਜੀਵਨ ਸਿੰਘ ਨੇ ਦੱਸਿਆ ਕਿ ਗੱਡੀ ਨਾਲ ਜੁੜੇ ਫ਼ਰਜ਼ੀ ਦਸਤਾਵੇਜ਼ਾਂ ਦੀ ਬਰਾਮਦਗੀ ਲਈ ਪੁਲਿਸ ਟੀਮ ਸੁਭਾਸ਼ ਚੰਦ ਨੂੰ ਨਾਲ ਲੈ ਕੇ ਬਿਲਾਸਪੁਰ ਆਰਐੱਲਏ ਦਫ਼ਤਰ ਪਹੁੰਚੀ ਸੀ, ਪਰ ਗੁੱਡ ਫਰਾਈਡੇ ਦੀ ਛੁੱਟੀ ਹੋਣ ਕਾਰਨ ਅਧਿਕਾਰਤ ਰਿਕਾਰਡ ਹਾਸਲ ਨਹੀਂ ਹੋ ਸਕਿਆ। ਪੁੱਛਗਿੱਛ ਦੌਰਾਨ ਸੁਭਾਸ਼ ਨੇ ਕੁੱਝ ਅਜਿਹੇ ਏਜੰਟਾਂ ਦੇ ਨਾਮ ਵੀ ਦੱਸੇ ਹਨ ਜੋ ਚੋਰੀ ਅਤੇ ਐਕਸੀਡੈਂਟਲ ਗੱਡੀਆਂ ਦੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰਵਾ ਕੇ ਰਜਿਸਟਰੇਸ਼ਨ ਕਰਵਾਉਂਦੇ ਸਨ। ਪੁਲਿਸ ਹੁਣ ਇਨ੍ਹਾਂ ਏਜੰਟਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰ ਰਹੀ ਹੈ।