ਦਾਦੀ ਦਾ ਕਤਲ ਕਰਨ ਵਾਲਾ ਫ਼ਰਾਰ ਪੋਤਾ 3 ਮਹੀਨਿਆਂ ਬਾਅਦ ਕਾਬੂ
ਦਾਦੀ ਦਾ ਕਤਲ ਕਰਨ ਵਾਲਾ ਫ਼ਰਾਰ ਪੋਤਾ 3 ਮਹੀਨਿਆਂ ਬਾਅਦ ਕਾਬੂ
Publish Date: Thu, 15 Jan 2026 06:47 PM (IST)
Updated Date: Thu, 15 Jan 2026 06:51 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਪੁਲਿਸ ਨੇ ਡੇਰਾਬੱਸੀ ਦੀ ਗੁਪਤਾ ਕਾਲੋਨੀ ’ਚ ਹੋਏ ਇਕ ਸਨਸਨੀਖੇਜ਼ ਕਤਲ ਕਾਂਡ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਆਸ਼ੀਸ਼ ਸੈਣੀ (27) ਵਜੋਂ ਹੋਈ ਹੈ, ਜਿਸ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਆਪਣੀ 85 ਸਾਲਾ ਦਾਦੀ ਦਾ ਕਤਲ ਕਰ ਦਿੱਤਾ ਸੀ। ਜਿਸ ਨੂੰ ਬੀਤੀ ਦੇਰ ਰਾਤ ਪੁਲਿਸ ਨੇ ਤਕਨੀਕੀ ਸੂਤਰਾਂ ਦੀ ਮਦਦ ਨਾਲ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਖ਼ੌਫ਼ਨਾਕ ਵਾਰਦਾਤ ਬੀਤੀ 15 ਅਕਤੂਬਰ 2025 ਨੂੰ ਵਾਪਰੀ ਸੀ। ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਗੁਰਬਚਨ ਕੌਰ (85) ਵਜੋਂ ਹੋਈ ਸੀ, ਜੋਕਿ ਗਲੀ ਨੰ. 11 ਗੁਪਤਾ ਕਾਲੋਨੀ ਡੇਰਾਬੱਸੀ ਦੀ ਰਹਿਣ ਵਾਲੀ ਸੀ। ਪੁਲਿਸ ਅਨੁਸਾਰ ਮੁਲਜ਼ਮ ਪੋਤਾ ਆਸ਼ੀਸ਼ ਸੈਣੀ ਕਥਿਤ ਤੌਰ ਤੇ ਨਸ਼ੇ (ਸ਼ਰਾਬ) ਪੀਣ ਦਾ ਆਦੀ ਸੀ। ਘਟਨਾ ਵਾਲੇ ਦਿਨ ਆਸ਼ੀਸ਼ ਨੇ ਰਸੋਈ ਵਾਲੇ ਚਾਕੂ ਨਾਲ ਆਪਣੀ ਦਾਦੀ ਦੇ ਗਲੇ ਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਸਿੰਘ ਹਾਂਸ ਅਤੇ ਡੀਐੱਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਦੀਆਂ ਕਈ ਟੀਮਾਂ ਮੁਲਜ਼ਮ ਦੀ ਭਾਲ ਵਿਚ ਜੁਟੀਆਂ ਹੋਈਆਂ ਸਨ। ਲਗਭਗ 3 ਮਹੀਨਿਆਂ ਦੀ ਭਾਲ ਅਤੇ ਤਕਨੀਕੀ ਸੂਤਰਾਂ ਦੀ ਮਦਦ ਨਾਲ ਪੁਲਿਸ ਨੇ 14 ਜਨਵਰੀ ਦੀ ਦੇਰ ਰਾਤ ਨੂੰ ਮੁਲਜ਼ਮ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿਚ ਪਹਿਲਾਂ ਹੀ ਮੁਲਜ਼ਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਸੀ। ਜਿਸ ਨੂੰ ਅੱਜ ਡੇਰਾਬੱਸੀ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਥਾਣਾ ਮੁਖੀ ਡੇਰਾਬੱਸੀ ਸੁਮਿਤ ਮੋਰ ਨੇ ਦੱਸਿਆ ਕਿ ਪੁਲਿਸ ਕਾਨੂੰਨ-ਵਿਵਸਥਾ ਕਾਇਮ ਰੱਖਣ, ਨਿਆਂ ਯਕੀਨੀ ਬਣਾਉਣ ਅਤੇ ਗੰਭੀਰ ਅਪਰਾਧਾਂ ਵਿਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।