ਪਹਿਲੀ ਤੋਂ ਮਸ਼ੀਨਾਂ ਨਾਲ ਹੋਵੇਗੀ ਨਿਊ ਚੰਡੀਗੜ੍ਹ ਦੀਆਂ ਸੜਕਾਂ ਦੀ ਸਫ਼ਾਈ
ਪਹਿਲੀ ਮਈ ਤੋਂ ਮਸ਼ੀਨਾਂ ਨਾਲ ਹੋਵੇਗੀ ਨਿਊ ਚੰਡੀਗੜ੍ਹ ਦੀਆਂ ਸੜਕਾਂ ਦੀ ਸਫ਼ਾਈ,
Publish Date: Tue, 14 Apr 2026 06:38 PM (IST)
Updated Date: Wed, 15 Apr 2026 04:12 AM (IST)

ਗਮਾਡਾ ਇਕ ਸਾਲ ਵਿਚ ਖਰਚੇਗਾ 4 ਕਰੋੜ ਰੁਪਏ ਲੋਕਾਂ ਨੂੰ ਧੂੜ ਮਿੱਟੀ ਤੋਂ ਮਿਲੇਗੀ ਵੱਡੀ ਰਾਹਤ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਨਿਊ ਚੰਡੀਗੜ੍ਹ ਵਿਚ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਅਹਿਮ ਕਦਮ ਚੁੱਕੇ ਗਏ ਹਨ। ਪਹਿਲੀ ਮਈ ਤੋਂ ਇਸ ਇਲਾਕੇ ਵਿਚ ਮਸ਼ੀਨਾਂ ਨਾਲ ਸੜਕਾਂ ਦੀ ਸਫ਼ਾਈ ਕੀਤੀ ਜਾਵੇਗੀ। ਇਸ ਸਬੰਧੀ ਗਮਾਡਾ ਨੇ ਇਕ ਸਾਲ ਵਿਚ ਲਗਭਗ 4 ਕਰੋੜ ਰੁਪਏ ਦੀ ਲਾਗਤ ਨਾਲ ਮਕੈਨੀਕਲ ਸਵੀਪਿੰਗ (ਮਸ਼ੀਨੀ ਸਫ਼ਾਈ) ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਪਹਿਲੀ ਮਈ ਤੋਂ ਮਸ਼ੀਨਾਂ ਰਾਹੀਂ ਮੁੱਖ ਸੜਕਾਂ ਅਤੇ ਅੰਦਰੂਨੀ ਸੜਕਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਇਹ ਪ੍ਰੋਜੈਕਟ 31 ਮਾਰਚ 2027 ਤੱਕ ਚੱਲੇਗਾ। ਇਸ ਵਿਚ ਨਿਊ ਚੰਡੀਗੜ੍ਹ ਦੇ ਪ੍ਰਮੁੱਖ ਇਲਾਕੇ ਜਿਵੇਂ, ਈਕੋਸਿਟੀ-1 ਅਤੇ ਈਕੋਸਿਟੀ-2, ਮੈਡੀਸਿਟੀ, 200 ਫੁੱਟ ਚੌੜੀ ਐੱਚਆਰ-2 ਸੜਕ, ਆਈਏਐੱਸ/ਪੀਸੀਐੱਸ ਸੁਸਾਇਟੀ ਸੜਕ, ਐੱਚਆਰ-3 ਅਤੇ ਪੀਆਰ-4 ਸੜਕਾਂ ਸਮੇਤ ਕਈ ਹੋਰ ਮਾਰਗ ਸ਼ਾਮਲ ਕੀਤੇ ਗਏ ਹਨ। ਬਾਕਸ-- ਪਹਿਲੀ ਵਾਰ ਨਗਰ ਨਿਗਮ ਦੀ ਤਰਜ਼ ਤੇ ਹੋਵੇਗੀ ਮਸ਼ੀਨੀ ਸਫ਼ਾਈ ਜਾਣਕਾਰੀ ਅਨੁਸਾਰ ਹੁਣ ਤੱਕ ਇਨ੍ਹਾਂ ਇਲਾਕਿਆਂ ਵਿਚ ਸਫ਼ਾਈ ਦਾ ਕੰਮ ਹੱਥੀਂ (ਮੈਨੂਅਲ) ਕੀਤਾ ਜਾਂਦਾ ਸੀ ਪਰ ਪਹਿਲੀ ਵਾਰ ਗਮਾਡਾ ਨੇ ਮੁਹਾਲੀ ਨਗਰ ਨਿਗਮ ਦੀ ਤਰਜ਼ ਤੇ ਮਸ਼ੀਨਾਂ ਨਾਲ ਸੜਕਾਂ ਦੀ ਸਫ਼ਾਈ ਕਰਵਾਉਣ ਦਾ ਫ਼ੈਸਲਾ ਲਿਆ ਹੈ। ਇਸ ਨਾਲ ਨਾ ਸਿਰਫ਼ ਸਫ਼ਾਈ ਵਿਵਸਥਾ ਵਿਚ ਵਧੇਰੇ ਸੁਧਾਰ ਹੋਵੇਗਾ, ਸਗੋਂ ਸਮੇਂ ਅਤੇ ਸਾਧਨਾਂ ਦੀ ਵੀ ਬੱਚਤ ਹੋਵੇਗੀ। ਬਾਕਸ : ਲਾਕੇ ਦੇ ਵਿਕਾਸ ਨੂੰ ਹੋਰ ਜ਼ਿਆਦਾ ਤਵੱਜੋ ਦਿੱਤੀ ਜਾਵੇ ਸਮਾਜ ਸੇਵੀ ਅਰਵਿੰਦ ਪੁਰੀ ਦਾ ਕਹਿਣਾ ਹੈ ਕਿ ਗਮਾਡਾ ਨੇ ਲੰਮੇ ਸਮੇਂ ਬਾਅਦ ਨਿਊ ਚੰਡੀਗੜ੍ਹ ਦੀ ਸਾਰ ਲਈ ਹੈ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਇੱਥੇ ਸਫ਼ਾਈ ਨੂੰ ਲੈ ਕੇ ਕਾਫ਼ੀ ਸ਼ਿਕਾਇਤਾਂ ਆ ਰਹੀਆਂ ਸਨ। ਉਨ੍ਹਾਂ ਮੰਗ ਕੀਤੀ ਕਿ ਗਮਾਡਾ ਸਿਰਫ਼ ਸੜਕਾਂ ਦੀ ਮਸ਼ੀਨੀ ਸਫ਼ਾਈ ਤੱਕ ਹੀ ਸੀਮਤ ਨਾ ਰਹੇ ਬਲਕਿ ਨਿਊ ਚੰਡੀਗੜ੍ਹ ਨਾਲ ਜੋੜਨ ਵਾਲੀਆਂ ਨੇੜਲੇ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਇਲਾਕੇ ਦੇ ਵਿਕਾਸ ਨੂੰ ਹੋਰ ਜ਼ਿਆਦਾ ਤਵੱਜੋ ਦਿੱਤੀ ਜਾਵੇ। ਬਾਕਸ : ਹਰ ਹਫ਼ਤੇ 120 ਕਿੱਲੋਮੀਟਰ ਸੜਕਾਂ ਦੀ ਹੋਵੇਗੀ ਸਫ਼ਾਈ : ਮਕੈਨੀਕਲ ਸਵੀਪਿੰਗ ਯੋਜਨਾ ਦੇ ਤਹਿਤ ਹੁਣ ਸ਼ਹਿਰ ਦੀਆਂ ਸੜਕਾਂ ਦੀ ਨਿਯਮਤ ਸਫ਼ਾਈ ਯਕੀਨੀ ਬਣਾਈ ਜਾਵੇਗੀ। ਹਫ਼ਤੇ ਵਿਚ 6 ਦਿਨ ਸਫ਼ਾਈ ਦਾ ਕਾਰਜ ਚੱਲੇਗਾ। ਅੰਦਰੂਨੀ ਅਤੇ ਮੁੱਖ ਸੜਕਾਂ ਨੂੰ ਮਿਲਾ ਕੇ ਰੋਜ਼ਾਨਾ ਦੇ ਆਧਾਰ ਤੇ ਲਗਭਗ 120 ਕਿਲੋਮੀਟਰ ਖੇਤਰ ਨੂੰ ਕਵਰ ਕੀਤਾ ਜਾਵੇਗਾ। ਬਾਕਸ: ਪ੍ਰਦੂਸ਼ਣ ਘਟਾਉਣ ਵਿਚ ਮਿਲੇਗੀ ਮਦਦ : ਮਕੈਨੀਕਲ ਸਫ਼ਾਈ ਨਾਲ ਸੜਕਾਂ ਤੇ ਜੰਮੀ ਧੂੜ ਮਿੱਟੀ ਨੂੰ ਕੰਟਰੋਲ ਕਰਨ ਵਿਚ ਮਦਦ ਮਿਲੇਗੀ, ਜਿਸ ਨਾਲ ਹਵਾ ਪ੍ਰਦੂਸ਼ਣ ਦਾ ਪੱਧਰ ਵੀ ਘੱਟ ਹੋਵੇਗਾ। ਸੜਕਾਂ ਦੇ ਕਿਨਾਰੇ ਜਮ੍ਹਾ ਕੂੜੇ ਨੂੰ ਨਿਯਮਤ ਰੂਪ ਵਿਚ ਹਟਾਇਆ ਜਾਵੇਗਾ, ਜਿਸ ਨਾਲ ਸ਼ਹਿਰ ਦੀ ਦਿੱਖ ਹੋਰ ਸੁੰਦਰ ਹੋਵੇਗੀ। ਗਮਾਡਾ ਦੇ ਡਿਵੀਜ਼ਨਲ ਇੰਜੀਨੀਅਰ ਖੁਸ਼ਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਅਥਾਰਟੀ ਵੱਲੋਂ ਨਿਊ ਚੰਡੀਗੜ੍ਹ ਵਿਚ ਮਕੈਨੀਕਲ ਸਵੀਪਿੰਗ ਲਈ ਟੈਂਡਰ ਕਾਲ ਕਰ ਦਿੱਤਾ ਗਿਆ ਹੈ। ਨਿਯਮਤ ਮਸ਼ੀਨੀ ਸਫ਼ਾਈ ਨਾਲ ਪ੍ਰਦੂਸ਼ਣ ਤੇ ਕਾਬੂ ਪਾਉਣ ਵਿਚ ਮਦਦ ਮਿਲੇਗੀ ਅਤੇ ਸ਼ਹਿਰ ਦੀ ਸਫ਼ਾਈ ਵਿਵਸਥਾ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਹੋਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਨਿਊ ਚੰਡੀਗੜ੍ਹ ਦਾ ਖੇਤਰ ਬਿਹਤਰ ਵਿਕਸਤ ਹੋਇਆ ਨਜ਼ਰ ਆਵੇਗਾ।