ਡੇਟਿੰਗ ਐੱਪ ਰਾਹੀਂ ਦੋਸਤੀ ਪਈ ਮਹਿੰਗੀ: ਮੁਟਿਆਰ ਨੇ ਕਾਰੋਬਾਰੀ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਲੱਖਾਂ ਲੁੱਟੇ
ਡੇਟਿੰਗ ਐੱਪ ਰਾਹੀਂ ਦੋਸਤੀ ਪਈ ਮਹਿੰਗੀ: ਮੁਟਿਆਰ ਨੇ ਕਾਰੋਬਾਰੀ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਲੱਖਾਂ ਲੁੱਟੇ
Publish Date: Tue, 10 Feb 2026 09:39 PM (IST)
Updated Date: Wed, 11 Feb 2026 04:17 AM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਸੋਸ਼ਲ ਮੀਡੀਆ ਤੇ ਡੇਟਿੰਗ ਐੱਪਸ ਰਾਹੀਂ ਅਣਪਛਾਤੇ ਲੋਕਾਂ ਨਾਲ ਦੋਸਤੀ ਕਰਨਾ ਇਕ ਕਾਰੋਬਾਰੀ ਲਈ ਉਸ ਵੇਲੇ ਮਹਿੰਗਾ ਸਾਬਤ ਹੋਇਆ, ਜਦੋਂ ਇਕ ਮੁਟਿਆਰ ਉਸ ਨੂੰ ਨਸ਼ੀਲਾ ਪਦਾਰਥ ਦੇ ਕੇ ਲੱਖਾਂ ਰੁਪਏ ਦਾ ਸਾਮਾਨ ਲੁੱਟ ਕੇ ਫ਼ਰਾਰ ਹੋ ਗਈ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ਤੇ ਮੁਲਜ਼ਮ ਮਹਿਲਾ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਟਿੰਡਰ ਤੇ ਹੋਈ ਸੀ ਪਛਾਣ : ਮੰਡੀ ਗੋਬਿੰਦਗੜ੍ਹ ਵਾਸੀ ਕਾਰੋਬਾਰੀ ਕਪਿਲ ਸਿੰਗਲਾ (35) ਨੇ ਪੁਲਿਸ ਨੂੰ ਦੱਸਿਆ ਕਿ ਕੁੱਝ ਦਿਨ ਪਹਿਲਾਂ ਟਿੰਡਰ ਐੱਪ ਰਾਹੀਂ ਉਸ ਦੀ ਮੁਲਾਕਾਤ ਸਿਮਰਨ ਨਾਂ ਦੀ ਲੜਕੀ ਨਾਲ ਹੋਈ ਸੀ। ਉਸ ਨੇ ਖ਼ੁਦ ਨੂੰ ਪਟਿਆਲਾ ਦੀ ਵਾਸੀ ਤੇ ਤਲਾਕਸ਼ੁਦਾ ਦੱਸਿਆ। ਵਟਸਐੱਪ ਤੇ ਗੱਲਬਾਤ ਵਧਣ ਤੋਂ ਬਾਅਦ 5 ਫਰਵਰੀ ਨੂੰ ਉਹ ਜ਼ੀਰਕਪੁਰ-ਪੰਚਕੂਲਾ ਰੋਡ ਤੇ ਸਥਿਤ ਇਕ ਨਿੱਜੀ ਹੋਟਲ ਵਿਖੇ ਮਿਲਣ ਪਹੁੰਚੇ। ਹੋਸ਼ ਆਇਆ ਤਾਂ ਸਭ ਕੁਝ ਸੀ ਗਾਇਬ : ਸ਼ਿਕਾਇਤਕਰਤਾ ਅਨੁਸਾਰ ਰਾਤ ਨੂੰ ਗੱਲਬਾਤ ਦੌਰਾਨ ਉਸ ਨੇ ਕੋਈ ਨਸ਼ੀਲੀ ਚੀਜ਼ ਪਿਲਾ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਅਗਲੀ ਸਵੇਰ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਲੜਕੀ ਗਾਇਬ ਸੀ। ਕਮਰੇ ਦੀ ਜਾਂਚ ਕਰਨ ਤੇ ਪਤਾ ਲੱਗਾ ਕਿ ਉਸ ਦਾ ਆਈਫੋਨ 17, ਸੈਮਸੰਗ ਜ਼ੈੱਡ-7 ਫੋਲਡ, ਸੋਨੇ ਦੀ ਚੇਨ, ਸੋਨੇ ਦਾ ਕੜਾ, ਦੋ ਮੁੰਦਰੀਆਂ ਤੇ 45 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਹੋਟਲ ਦੇ ਸੀਸੀਟੀਵੀ ਫੁਟੇਜ ਵਿਚ ਲੜਕੀ ਰਾਤ ਕਰੀਬ 2:20 ਵਜੇ ਸਾਮਾਨ ਸਮੇਤ ਜਾਂਦੀ ਦਿਖਾਈ ਦਿੱਤੀ। ਜਾਂਚ ਚ ਨਿਕਲੀ ਪਾਣੀਪਤ ਵਾਸੀ : ਪੀੜਤ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਸਿਮਰਨ ਨਾਂ ਫ਼ਰਜ਼ੀ ਸੀ। ਉਸ ਦਾ ਅਸਲੀ ਨਾਂ ਊਸ਼ਾ ਉਰਫ਼ ਨੀਤਿਕਾ ਹੈ, ਜੋ ਕਿ ਪਾਣੀਪਤ (ਹਰਿਆਣਾ) ਦੀ ਰਹਿਣ ਵਾਲੀ ਹੈ। ਪੀੜਤ ਨੂੰ ਸ਼ੱਕ ਹੈ ਕਿ ਇਸ ਵਾਰਦਾਤ ਵਿਚ ਉਸ ਦੇ ਹੋਰ ਸਾਥੀ ਵੀ ਸ਼ਾਮਲ ਹੋ ਸਕਦੇ ਹਨ। ਬਲਟਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।