ਔਰਤਾਂ ਨੇ ਤਿੰਨ ਸਾਲਾਂ ’ਚ ਕੀਤਾ 2042 ਕਰੋੜ ਰੁਪਏ ਦਾ ਮੁਫ਼ਤ ਸਫ਼ਰ
ਮੁਫ਼ਤ ਬੱਸ ਸਫ਼ਰ ਦਾ ਸਕੀਮ
Publish Date: Fri, 20 Mar 2026 06:52 PM (IST)
Updated Date: Sat, 21 Mar 2026 04:11 AM (IST)
* ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਮੁਫ਼ਤ ਸਫਰ ‘ਤੇ 2042 ਕਰੋੜ ਦਾ ਵੱਡਾ ਨਿਵੇਸ਼ ਮਾਨ ਸਰਕਾਰ ਦੀ ਮਜ਼ਬੂਤ ਪਹਿਲ : ਡਾ. ਬਲਜੀਤ ਕੌਰ
* ਹਰ ਮਹੀਨੇ 1.20 ਕਰੋੜ ਰੁਪਏ ਦਾ ਮੁਫ਼ਤ ਬੱਸ ਸਫਰ, ਪੰਜਾਬ ਦੀਆਂ ਔਰਤਾਂ ਨੂੰ ਵੱਡੀ ਰਾਹਤ
* ਮਹਿਲਾ ਸਸ਼ਕਤੀਕਰਨ ਵੱਲ ਮਾਨ ਸਰਕਾਰ ਦੀ ਵਚਨਬੱਧਤਾ ਹੋਰ ਮਜ਼ਬੂਤ
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ
ਚੰਡੀਗੜ੍ਹ : ਪੰਜਾਬ ਦੀਆਂ ਔਰਤਾਂ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਰੋਡਵੇਜ਼, ਪਨਬਸ ਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ,(ਪੀਆਰਟੀਸੀ) ’ਚ 2042 ਕਰੋੜ ਰੁਪਏ ਦਾ ਮੁਫ਼ਤ ਬੱਸ ਸਫ਼ਰ ਕੀਤਾ ਹੈ। ਸਬਸਿਡੀਆਂ ਦੇ ਬੋਝ ਥੱਲੇ ਦਬੀ ਸਰਕਾਰ ’ਤੇ 2042 ਕਰੋੜ ਰੁਪਏ ਮੁਫ਼ਤ ਬੱਸ ਸਫ਼ਰ ਦਾ ਸਰਕਾਰੀ ਖਜ਼ਾਨੇ ’ਤੇ ਬੋਝ ਪਿਆ ਹੈ, ਜਦਕਿ ਮੁਫ਼ਤ ਬਿਜਲੀ ਤੇ ਰਾਸ਼ਨ ਦਾ ਵੱਖਰਾ ਹੈ। ਕਰੀਬ ਇਕ ਕਰੋੜ ਤੋਂ ਉਪਰ ਔਰਤਾਂ ਨੂੰ ਹੁਣ ਸਰਕਾਰ ਨੇ ਮਾਵਾਂ-ਧੀਆਂ ਦਾ ਸਤਿਕਾਰ ਸਕੀਮ ਤਹਿਤ ਇਕ ਹਜ਼ਾਰ ਰੁਪਏ ਮਾਸਿਕ ਭੱਤਾ, ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1500 ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਹ ਸਕੀਮ ਵੈਸਾਖੀ ਤੋਂ ਸ਼ੁਰੂ ਹੋਣੀ ਹੈ।
ਸਾਮਾਜਿਕ ਸੁਰੱਖਿਆ ਵਿਭਾਗ ਦੇ ਅੰਕੜਿਆਂ ਅਨੁਸਾਰ ਵਿੱਤੀ ਸਾਲ 2022-23 ਤੋਂ 2025-26 ਤੱਕ ਔਰਤਾਂ ਦੇ ਮੁਫ਼ਤ ਬੱਸ ਸਫ਼ਰ ਲਈ ਲਗਭਗ 2042 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ’ਚ 2022-23 ਦੌਰਾਨ 495 ਕਰੋੜ, 2023-24 ’ਚ 497.50 ਕਰੋੜ, 2024-25 ’ਚ 450 ਕਰੋੜ ਅਤੇ 2025-26 ’ਚ 600 ਕਰੋੜ ਰੁਪਏ ਦਾ ਟਰਾਂਸਪੋਰਟ ਵਿਭਾਗ ਨੇ ਸਾਮਾਜਿਕ ਸੁਰੱਖਿਆ ਵਿਭਾਗ ਨੂੰ ਬਿੱਲ ਭੇਜਿਆ ਹੈ।
ਜਾਣਕਾਰੀ ਅਨੁਸਾਰ ਮੁਫ਼ਤ ਬੱਸ ਸਫ਼ਰ ਸਕੀਮ ਤਹਿਤ ਹਰ ਮਹੀਨੇ ਲਗਭਗ 1 ਕਰੋੜ 20 ਲੱਖ ਦਾ ਮੁਫ਼ਤ ਬੱਸ ਸਫਰ ਕੀਤਾ ਹੈ। ਜ਼ਿਕਰਯੋਗ ਹੈ ਕਿ ਤਤਕਾਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ 2022 ਦੀਆਂ ਵੋਟਾਂ ਤੋਂ ਇਕ ਸਾਲ ਪਹਿਲਾਂ ਔਰਤਾਂ ਨੂੰ ਮੁਫ਼ਤ ਸਫ਼ਰ ਸਕੀਮ ਸ਼ੁਰੂ ਕੀਤੀ ਸੀ। ਇਥੇ ਦੱਸਿਆ ਜਾਂਦਾ ਹੈ ਕਿ ਸਰਕਾਰੀ ਨੌਕਰੀ ਪੇਸ਼ੇ ਨਾਲ ਜੁੜੀਆਂ ਔਰਤਾਂ ਵੀ ਸਕੀਮ ਦਾ ਲਾਭ ਲੈ ਰਹੀਆਂ ਹਨ।
ਸਮਾਜਿਕ ਸੁਰੱਖਿਆ ਵਿਭਾਗ ਦੀ ਮੰਤਰੀ ਬਲਜੀਤ ਕੌਰ ਨੇ ਕਿਹਾ ਇਹ ਸਹੂਲਤ ਸਿਰਫ਼ ਮੁਫ਼ਤ ਸਫਰ ਨਹੀਂ, ਸਗੋਂ ਮਹਿਲਾਵਾਂ ਦੀ ਜ਼ਿੰਦਗੀ ’ਚ ਆਜ਼ਾਦੀ ਅਤੇ ਵਿਸ਼ਵਾਸ ਦੀ ਨਵੀਂ ਲਹਿਰ ਹੈ। ਹੁਣ ਉਹ ਬਿਨਾਂ ਆਰਥਿਕ ਚਿੰਤਾ ਦੇ ਸਿੱਖਿਆ, ਰੋਜ਼ਗਾਰ ਤੇ ਸਿਹਤ ਸੇਵਾਵਾਂ ਤੱਕ ਆਸਾਨੀ ਨਾਲ ਪਹੁੰਚ ਰਹੀਆਂ ਹਨ, ਜਿਸ ਨਾਲ ਉਹ ਹੋਰ ਖੁਦ-ਮੁਖਤਿਆਰ ਤੇ ਮਜ਼ਬੂਤ ਬਣ ਰਹੀਆਂ ਹਨ।
ਡਾ. ਬਲਜੀਤ ਕੌਰ ਨੇ ਕਿਹਾ ਕਿ ਮਹਿਲਾਵਾਂ ਦਾ ਸਸ਼ਕਤੀਕਰਨ ਹੀ ਤਰੱਕੀਸ਼ੀਲ ਸਮਾਜ ਦੀ ਬੁਨਿਆਦ ਹੈ ਅਤੇ ਪੰਜਾਬ ਸਰਕਾਰ ਇਸ ਦਿਸ਼ਾ ’ਚ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਵੀ ਔਰਤਾਂ ਦੀ ਭਲਾਈ ਲਈ ਹੋਰ ਪ੍ਰਭਾਵਸ਼ਾਲੀ ਤੇ ਲੋਕ-ਹਿਤੈਸ਼ੀ ਉਪਰਾਲੇ ਜਾਰੀ ਰਹਿਣਗੇ।