ਸਿਹਤ ਕੈਂਪ ਵਿਚ ਦਿੱਤੀਆਂ ਮੁਫ਼ਤ ਦਵਾਈਆਂ : ਡਾ. ਸੰਨੀ ਸਿੰਘ ਆਹਲੂਵਾਲੀਆ
ਸਿਹਤ ਕੈਂਪ ਵਿਚ ਦਿੱਤੀਆਂ ਮੁਫ਼ਤ ਦਵਾਈਆਂ: ਡਾ. ਆਹਲੂਵਾਲੀਆ
Publish Date: Wed, 11 Feb 2026 09:01 PM (IST)
Updated Date: Wed, 11 Feb 2026 09:02 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਵੱਲੋਂ ਮੁਹਾਲੀ ਦੇ ਪਿੰਡ ਮੌਲੀ ਬੈਦਵਾਣ ਵਿਚ ਦੰਦਾਂ ਅਤੇ ਆਮ ਸਿਹਤ ਸਬੰਧੀ ਮੁਫ਼ਤ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਪਿੰਡ ਵਾਸੀਆਂ ਨੂੰ ਘਰ ਦੇ ਨੇੜੇ ਹੀ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਅਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਸੀ। ਕੈਂਪ ਦੌਰਾਨ 210 ਮਰੀਜ਼ਾਂ ਦੀ ਸਿਹਤ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਕੈਂਪ ਦੌਰਾਨ ਦੰਦਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ, ਜਿਸ ਵਿਚ ਦੰਦਾਂ ਦੀ ਸਫ਼ਾਈ, ਦੰਦ ਕੱਢਣਾ ਅਤੇ ਦੰਦਾਂ ਦੀ ਫਿਲਿੰਗ ਵਰਗੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ ਸ਼ੂਗਰ ਜਾਂਚ, ਬਲੱਡ ਪ੍ਰੈਸ਼ਰ ਜਾਂਚ, ਅੱਖਾਂ ਦੀ ਜਾਂਚ ਅਤੇ ਔਰਤਾਂ ਨਾਲ ਸਬੰਧਤ ਬਿਮਾਰੀਆਂ ਦੀ ਜਾਂਚ ਸਮੇਤ ਕਈ ਆਮ ਅਤੇ ਗੰਭੀਰ ਸਿਹਤ ਸਮੱਸਿਆਵਾਂ ਦੀ ਜਾਂਚ ਕੀਤੀ ਗਈ। ਮਾਹਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਨੂੰ ਬਿਮਾਰੀਆਂ ਤੋਂ ਬਚਾਅ ਸਬੰਧੀ ਜ਼ਰੂਰੀ ਸਲਾਹਾਂ ਦੇ ਨਾਲ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ ਅਤੇ ਜ਼ਰੂਰਤ ਪੈਣ ’ਤੇ ਅੱਗੇ ਦੇ ਇਲਾਜ ਲਈ ਸਲਾਹ ਵੀ ਦਿੱਤੀ ਗਈ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਡਾ. ਆਹਲੂਵਾਲੀਆ ਨੇ ਕਿਹਾ ਕਿ ਇਹ ਕੈਂਪ ਲਗਾਉਣ ਦਾ ਮੁੱਖ ਮਕਸਦ ਮੁਹਾਲੀ ਵਾਸੀਆਂ ਨੂੰ ਤੰਦਰੁਸਤ ਰੱਖਣਾ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਸਮਾਜ ਹੀ ਤਰੱਕੀਸ਼ੀਲ ਸਮਾਜ ਦੀ ਨੀਂਹ ਹੁੰਦਾ ਹੈ ਅਤੇ ਇਕ ਤੰਦਰੁਸਤ ਵਿਅਕਤੀ ਹੀ ਆਪਣੇ ਪਰਿਵਾਰ ਅਤੇ ਸਮਾਜ ਦੀ ਤਰੱਕੀ ਵਿਚ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮਕਸਦ ਨੂੰ ਧਿਆਨ ਵਿਚ ਰੱਖਦਿਆਂ ਪਿਛਲੇ ਕਈ ਮਹੀਨਿਆਂ ਤੋਂ ਮੁਹਾਲੀ ਦੇ ਵੱਖ-ਵੱਖ ਪਿੰਡਾਂ ਅਤੇ ਸੈਕਟਰਾਂ ਵਿਚ ਲਗਾਤਾਰ ਮੁਫ਼ਤ ਸਿਹਤ ਕੈਂਪ ਲਗਾਏ ਜਾ ਰਹੇ ਹਨ ਅਤੇ ਭਵਿੱਖ ਵਿਚ ਵੀ ਇਹ ਉਪਰਾਲੇ ਜਾਰੀ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ ਅਤੇ ਸਮੇਂ-ਸਮੇਂ ’ਤੇ ਸਿਹਤ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਬਿਮਾਰੀਆਂ ਦਾ ਸਮੇਂ ਸਿਰ ਪਤਾ ਲੱਗ ਸਕੇ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ। ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਇਸ ਮੌਕੇ ਪਿੰਡ ਮੌਲੀ ਬੈਦਵਾਣ ਦੇ ਸਰਪੰਚ ਗੁਰਸੇਵਕ ਸਿੰਘ, ਪੰਚ ਹਰਿੰਦਰ ਸਿੰਘ ਟਿੰਕਾ, ਪੰਚ ਹਰਵਿੰਦਰ ਸਿੰਘ ਭਿੰਦਾ, ਪੰਚ ਗੁਰਪ੍ਰੀਤ ਸਿੰਘ, ਜਸਵੰਤ ਸਿੰਘ ਲਾਲਾ, ਕਰਮਜੀਤ ਸਿੰਘ ਲੰਬੜਦਾਰ, ਸਾਬਕਾ ਸਰਪੰਚ ਸਤਵਿੰਦਰ ਸਿੰਘ ਮਿੱਠੂ ਅਤੇ ਅਵਤਾਰ ਸਿੰਘ ਸਮੇਤ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਕੈਂਪ ਦੇ ਸਫ਼ਲ ਆਯੋਜਨ ਲਈ ਦਿੱਤੇ ਸਹਿਯੋਗ ਵਾਸਤੇ ਵਿਸ਼ੇਸ਼ ਧੰਨਵਾਦ ਕੀਤਾ।