ਮਹਿਲਾ ਦਿਵਸ ਮੌਕੇ ਮੁਫ਼ਤ ਮੈਡੀਕਲ ਕੈਂਪ ਲਾਇਆ
ਮਹਿਲਾ ਦਿਵਸ ਮੌਕੇ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ,
Publish Date: Mon, 09 Mar 2026 05:21 PM (IST)
Updated Date: Mon, 09 Mar 2026 05:24 PM (IST)

- ਬ੍ਰੈਸਟ ਕੈਂਸਰ, ਅੱਖਾਂ, ਦੰਦਾਂ, ਬਲੱਡ ਪ੍ਰੈਸ਼ਰ ਸਮੇਤ ਹੋਰ ਬਿਮਾਰੀਆਂ ਦੀ ਕੀਤੀ ਜਾਂਚ ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਬਣਾਈ ਗਈ ਮੁਹਾਲੀ ਫਰਸਟ ਫਾਊਂਡੇਸ਼ਨ ਵੱਲੋਂ ਗਿਆਨ ਜੋਤੀ ਸਕੂਲ ਵਿਚ ਕੈਂਸਰ ਸਮੇਤ ਵੱਖ-ਵੱਖ ਬਿਮਾਰੀਆਂ ਦੀ ਜਾਂਚ ਲਈ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਇਸ ਕੈਂਪ ਵਿਚ ਸਿਹਤ ਸਬੰਧੀ ਕਈ ਮਹੱਤਵਪੂਰਨ ਟੈਸਟ ਮੁਫ਼ਤ ਕੀਤੇ ਗਏ ਅਤੇ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕਅਪ ਕਰ ਕੇ ਜ਼ਰੂਰੀ ਸਲਾਹ ਦਿੱਤੀ ਗਈ। ਇਸ ਮੌਕੇ 13-13 ਸੰਸਥਾ ਵੱਲੋਂ ਮੋਬਾਈਲ ਮੈਡੀਕਲ ਬੱਸ ਵੀ ਮੌਕੇ ’ਤੇ ਖੜ੍ਹੀ ਕੀਤੀ ਗਈ, ਜਿਸ ਵਿਚ ਖ਼ਾਸ ਤੌਰ ’ਤੇ ਬ੍ਰੈਸਟ ਕੈਂਸਰ ਦੀ ਜਾਂਚ (ਮੈਮੋਗ੍ਰਾਫੀ ਸਮੇਤ) ਕੀਤੀ ਗਈ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਅੱਖਾਂ ਅਤੇ ਦੰਦਾਂ ਦੀ ਜਾਂਚ ਵੀ ਕੀਤੀ ਗਈ। ਕੈਂਪ ਵਿਚ ਖ਼ਾਸ ਤੌਰ ’ਤੇ ਬੋਨ ਡੈਂਸਟੀ ਅਤੇ ਕੈਲਸ਼ੀਅਮ ਦੀ ਜਾਂਚ ਲਈ ਵੀ ਡਾਕਟਰ ਮੌਜੂਦ ਰਹੇ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਮੁਹਾਲੀ ਫਰਸਟ ਫਾਊਂਡੇਸ਼ਨ ਬਣਾਉਣ ਦਾ ਮਕਸਦ ਮੁਹਾਲੀ ਨੂੰ ਹਰ ਖੇਤਰ ਵਿਚ ਪਹਿਲੇ ਨੰਬਰ ’ਤੇ ਲਿਆਉਣਾ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਉਪਰਾਲੇ ਕਰਨਾ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਵੱਡੀ ਗਿਣਤੀ ਵਿਚ ਲੋਕ ਇਸ ਸੰਸਥਾ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੰਸਥਾ ਵੱਲੋਂ ਲਾਇਆ ਗਿਆ ਪਹਿਲਾ ਮੈਡੀਕਲ ਕੈਂਪ ਹੈ ਅਤੇ ਆਉਣ ਵਾਲੇ ਸਮੇਂ ਵਿਚ ਮੁਹਾਲੀ ਦੇ ਵੱਖ-ਵੱਖ ਇਲਾਕਿਆਂ ਵਿਚ ਹੋਰ ਵੀ ਮੈਡੀਕਲ ਕੈਂਪ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਮੁਹਾਲੀ ਵਾਸੀਆਂ ਨੂੰ ਦਰਪੇਸ਼ ਕਿਸੇ ਵੀ ਸਮੱਸਿਆ ਦੇ ਹੱਲ ਲਈ ਸੰਸਥਾ ਪਹਿਲ ਦੇ ਆਧਾਰ ’ਤੇ ਕੰਮ ਕਰੇਗੀ। ਮਹਿਲਾ ਦਿਵਸ ਨੂੰ ਸਮਰਪਿਤ ਕੈਂਪ : ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਹ ਕੈਂਪ ਖ਼ਾਸ ਤੌਰ ’ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸੀ। ਉਨ੍ਹਾਂ ਕਿਹਾ ਕਿ ਘਰ ਦੀ ਮਹਿਲਾ ਸਿਹਤਮੰਦ ਹੋਵੇਗੀ ਤਾਂ ਪਰਿਵਾਰ ਖੁਸ਼ਹਾਲ ਰਹੇਗਾ ਅਤੇ ਇਸ ਨਾਲ ਸਮਾਜ ਅਤੇ ਦੇਸ਼ ਦੀ ਤਰੱਕੀ ਵੀ ਹੋਵੇਗੀ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਵੱਡੀ ਗਿਣਤੀ ਵਿਚ ਮਰੀਜ਼ਾਂ, ਖ਼ਾਸ ਕਰ ਕੇ ਔਰਤਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ ਅਤੇ ਡਾਕਟਰਾਂ ਤੋਂ ਮੈਡੀਕਲ ਸਲਾਹ ਲਈ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵਿਸ਼ੇਸ਼ ਤੌਰ ’ਤੇ ਗਿਆਨ ਜੋਤੀ ਸਕੂਲ ਮੈਨੇਜਮੈਂਟ, 13-13 ਸੰਸਥਾ, ਲਾਇਨਜ਼ ਕਲੱਬ, ਕੈਂਪ ਵਿਚ ਸੇਵਾ ਕਰਨ ਆਏ ਸਾਰੇ ਡਾਕਟਰਾਂ ਦੀ ਟੀਮਾਂ, ਹਸਪਤਾਲਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਕੈਂਪ ਵਿਚ ਸਹਿਯੋਗ ਦਿੱਤਾ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਅੱਗੇ ਵੀ ਇਨ੍ਹਾਂ ਸੰਸਥਾਵਾਂ ਦਾ ਪੂਰਾ ਸਹਿਯੋਗ ਉਨ੍ਹਾਂ ਨੂੰ ਮਿਲਦਾ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ 100 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ 40 ਤੋਂ 42 ਮਰੀਜ਼ਾਂ ਦੀ ਮੈਮੋਗ੍ਰਾਫੀ ਕੀਤੀ ਗਈ।