ਚੈਰੀਟੇਬਲ ਐਂਡ ਡੈਂਟਲ ਹਸਪਤਾਲ ਦੇ ਸਹਿਯੋਗ ਨਾਲ ਲਾਇਆ ਮੁਫ਼ਤ ਅੱਖਾਂ ਅਤੇ ਦੰਦਾਂ ਦਾ ਜਾਂਚ ਕੈਂਪ
ਚੈਰੀਟੇਬਲ ਐਂਡ ਡੈਂਟਲ ਹਸਪਤਾਲ ਦੇ ਸਹਿਯੋਗ ਨਾਲ ਲਾਇਆ ਮੁਫ਼ਤ ਅੱਖਾਂ ਅਤੇ ਦੰਦਾਂ ਦਾ ਜਾਂਚ ਕੈਂਪ,
Publish Date: Fri, 09 Jan 2026 05:37 PM (IST)
Updated Date: Fri, 09 Jan 2026 05:39 PM (IST)

ਕੈਂਪ ਦੌਰਾਨ 125 ਮਰੀਜ਼ਾਂ ਦੀ ਕੀਤੀ ਜਾਂਚ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਖੇਤਰ ਦੇ ਪਿੰਡ ਸੈਦਪੁਰਾ ’ਚ ਸਕਾਈ ਟੋਯੋਟਾ ਜ਼ੀਰਕਪੁਰ ਵੱਲੋਂ ਮਾਨਵ ਕਲਿਆਣ ਚੈਰੀਟੇਬਲ ਐਂਡ ਡੈਂਟਲ ਹਸਪਤਾਲ ਦੇ ਸਹਿਯੋਗ ਨਾਲ ਮੁਫ਼ਤ ਅੱਖਾਂ ਅਤੇ ਦੰਦਾਂ ਦੇ ਜਾਂਚ ਕੈਂਪ ਲਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਪਿੰਡਾਂ ’ਚ ਸਿਹਤ ਸਹੂਲਤਾਂ ਦੀ ਪਹੁੰਚ ਮਜ਼ਬੂਤ ਕਰਨਾ ਅਤੇ ਜ਼ਰੂਰਤਮੰਦ ਲੋਕਾਂ ਨੂੰ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣਾ ਹੈ। ਮੈਡੀਕਲ ਕੈਂਪ ਦੌਰਾਨ ਕੁੱਲ 125 ਮਰੀਜ਼ਾਂ ਦੀਆਂ ਅੱਖਾਂ ਅਤੇ ਦੰਦਾਂ ਨਾਲ ਸਬੰਧਤ ਜਾਂਚ ਕੀਤੀ ਗਈ। ਮਾਹਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਬਾਰੀਕੀ ਨਾਲ ਜਾਂਚ ਕਰ ਕੇ ਉਨ੍ਹਾਂ ਨੂੰ ਲੋੜੀਂਦੀ ਸਲਾਹ ਦਿੱਤੀ ਗਈ। ਕੈਂਪ ਦੀ ਖ਼ਾਸ ਗੱਲ ਇਹ ਰਹੀ ਕਿ ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਜਿਨ੍ਹਾਂ ਮਰੀਜ਼ਾਂ ਨੂੰ ਨਜ਼ਰ ਦੇ ਚਸ਼ਮੇ ਦੀ ਲੋੜ ਸੀ, ਉਨ੍ਹਾਂ ਨੂੰ ਮੁਫ਼ਤ ਚਸ਼ਮੇ ਵੀ ਵੰਡੇ ਗਏ, ਜਿਸ ਨਾਲ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਿਲੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੈਦਪੁਰਾ ਦੇ ਸਾਬਕਾ ਕੌਂਸਲਰ ਅਤੇ ਲੰਬਰਦਾਰ ਦਵਿੰਦਰ ਸਿੰਘ ਬਿੰਦਰ ਹਾਜ਼ਰ ਰਹੇ। ਉਨ੍ਹਾਂ ਨੇ ਸਕਾਈ ਟੋਯੋਟਾ ਜ਼ੀਰਕਪੁਰ ਅਤੇ ਮਾਨਵ ਕਲਿਆਣ ਸੰਸਥਾ ਦੀ ਇਸ ਲੋਕ-ਭਲਾਈ ਪਹਿਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਪਿੰਡਾਂ ਵਿਚ ਸਿਹਤ ਜਾਗਰੂਕਤਾ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪਿੰਡ ਵਾਸੀਆਂ ਵੱਲੋਂ ਵੀ ਸਕਾਈ ਟੋਯੋਟਾ ਜ਼ੀਰਕਪੁਰ ਦੇ ਇਸ ਸਮਾਜਿਕ ਯਤਨ ਲਈ ਧੰਨਵਾਦ ਪ੍ਰਗਟ ਕੀਤਾ ਗਿਆ। ਸਕਾਈ ਟੋਯੋਟਾ ਜ਼ੀਰਕਪੁਰ ਦੇ ਜੀਐੱਮ ਸੰਜੀਵ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਸਮਾਜਿਕ ਜ਼ਿੰਮੇਵਾਰੀ ਨੂੰ ਧਿਆਨ ਵਿਚ ਰੱਖਦਿਆਂ ਸਮੇਂ-ਸਮੇਂ ’ਤੇ ਇਸ ਤਰ੍ਹਾਂ ਦੇ ਸਿਹਤ ਕੈਂਪ ਅਤੇ ਲੋਕ-ਸੇਵਾ ਕਾਰਜਕ੍ਰਮ ਆਯੋਜਿਤ ਕਰਦੀ ਰਹਿੰਦੀ ਹੈ। ਉੱਥੇ ਹੀ ਮਾਨਵ ਕਲਿਆਣ ਸੰਸਥਾ ਵੱਲੋਂ ਆਏ ਡਾ. ਮਨੀਸ਼ ਚਾਵਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਹਰ ਮਹੀਨੇ ਇਸ ਤਰ੍ਹਾਂ ਦੇ ਮੁਫ਼ਤ ਮੈਡੀਕਲ ਕੈਂਪ ਲਗਾਉਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਨੂੰ ਅੱਖਾਂ ਲਈ ਲੈਂਸ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਟਰੱਸਟ ਵੱਲੋਂ ਅੱਧੀ ਕੀਮਤ ’ਤੇ ਉਪਲੱਬਧ ਕਰਵਾਇਆ ਜਾਂਦਾ ਹੈ। ਇਸ ਮੌਕੇ ਭੁਪਿੰਦਰ ਸਿੰਘ ਸੈਦਪੁਰਾ, ਬਲਦੇਵ ਸਿੰਘ, ਸੁਧੀਰ, ਧਰਮ ਸਿੰਘ, ਰਮੇਸ਼ ਕੁਮਾਰ ਸਮੇਤ ਕਈ ਪਤਵੰਤੇ ਵਿਅਕਤੀ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਰਹੇ। ਕੈਂਪ ਦੀ ਸਫ਼ਲਤਾ ਨਾਲ ਇਲਾਕੇ ਵਿਚ ਖੁਸ਼ੀ ਅਤੇ ਸੰਤੋਖ ਦਾ ਮਾਹੌਲ ਦੇਖਣ ਨੂੰ ਮਿਲਿਆ।