ਈ-ਚਾਲਾਨ ਦੇ ਨਾਂ ’ਤੇ 5.48 ਲੱਖ ਰੁਪਏ ਦੀ ਠੱਗੀ
ਈ-ਚਾਲਾਨ ਦੇ ਨਾਂ ’ਤੇ 5.48 ਲੱਖ ਰੁਪਏ ਦੀ ਠੱਗੀ
Publish Date: Sat, 07 Mar 2026 08:20 PM (IST)
Updated Date: Sun, 08 Mar 2026 04:18 AM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਈ-ਚਾਲਾਨ ਦੇ ਨਾਂ ’ਤੇ ਵਟਸਐੱਪ ’ਤੇ ਭੇਜੀ ਗਈ ਜਾਲਸਾਜ਼ ਏਪੀਕੇ ਫਾਈਲ ਡਾਊਨਲੋਡ ਕਰਨਾ ਸੈਕਟਰ-44 ਦੇ ਇਕ ਵਿਅਕਤੀ ਨੂੰ ਮਹਿੰਗਾ ਪੈ ਗਿਆ। ਸਾਈਬਰ ਠੱਗਾਂ ਨੇ ਉਸਦੇ ਕ੍ਰੈਡਿਟ ਕਾਰਡ ਦੀ ਗ਼ਲਤ ਵਰਤੋਂ ਕਰਦੇ ਹੋਏ ਕਰੀਬ 5,48,746 ਰੁਪਏ ਦੀ ਆਨਲਾਈਨ ਖ਼ਰੀਦਦਾਰੀ ਕਰ ਲਈ। ਪੀੜਤ ਨੇ ਇਸ ਸਬੰਧੀ ਸਾਈਬਰ ਪੁਲਿਸ ਥਾਣੇ ਤੇ ਰਾਸ਼ਟਰੀ ਸਾਈਬਰ ਕਰਾਈਮ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਈ ਹੈ। ਸੈਕਟਰ-44 ਦੇ ਵਸਨੀਕ ਮਨਦੀਪ ਸਿੰਘ ਮੁਤਾਬਕ 27 ਫਰਵਰੀ ਨੂੰ ਦੁਪਹਿਰ ਕਰੀਬ 2:30 ਵਜੇ ਉਨ੍ਹਾਂ ਦੇ ਵਟਸਐੱਪ ਨੰਬਰ ’ਤੇ ਇਕ ਅਣਪਛਾਤੇ ਨੰਬਰ ਤੋਂ ਸੁਨੇਹਾ ਆਇਆ। ਸੁਨੇਹੇ ’ਚ ਬਕਾਇਆ ਟ੍ਰੈਫਿਕ ਚਾਲਾਨ ਬਾਰੇ ਜਾਣਕਾਰੀ ਦਿੰਦਿਆਂ ਈ-ਚਾਲਾਨ ਨਾਂ ਦੀ ਏਪੀਕੇ ਫਾਈਲ ਭੇਜੀ ਗਈ ਸੀ। ਚਾਲਾਨ ਦੀ ਜਾਣਕਾਰੀ ਵੇਖਣ ਲਈ ਉਨ੍ਹਾਂ ਨੇ ਫਾਈਲ ਡਾਊਨਲੋਡ ਕਰ ਲਈ ਪਰ ਕੁਝ ਸਮੇਂ ਬਾਅਦ ਸ਼ੱਕ ਹੋਣ ’ਤੇ ਸੁਨੇਹਾ ਅਤੇ ਐਪਲੀਕੇਸ਼ਨ ਦੋਵੇਂ ਮਿਟਾ ਦਿੱਤੇ। ਉਨ੍ਹਾਂ ਦੱਸਿਆ ਕਿ ਉਸੇ ਦਿਨ ਸ਼ਾਮ ਕਰੀਬ 8:30 ਵਜੇ ਉਨ੍ਹਾਂ ਦੇ ਮੋਬਾਈਲ ’ਤੇ ਵੱਖ-ਵੱਖ ਆਨਲਾਈਨ ਖ਼ਰੀਦਦਾਰੀ ਪਲੇਟਫਾਰਮਾਂ ਤੋਂ ਕਈ ਓਟੀਪੀ ਸੁਨੇਹੇ ਆਉਣ ਲੱਗੇ, ਜਿਸ ਨਾਲ ਉਨ੍ਹਾਂ ਨੂੰ ਸ਼ੱਕ ਹੋਇਆ। ਰਾਤ ਕਰੀਬ 10 ਵਜੇ ਉਨ੍ਹਾਂ ਨੇ ਇਹ ਗੱਲ ਆਪਣੇ ਪੁੱਤਰ ਨੂੰ ਦੱਸੀ। ਪੁੱਤਰ ਨੇ ਮੋਬਾਈਲ ਦੀ ਨੋਟੀਫਿਕੇਸ਼ਨ ਹਿਸਟਰੀ ਚੈੱਕ ਕਰ ਕੇ ਸ਼ੱਕੀ ਐਪਲੀਕੇਸ਼ਨ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ, ਜਿਸ ਤੋਂ ਬਾਅਦ ਹੋਰ ਕੋਈ ਲੈਣ-ਦੇਣ ਨਹੀਂ ਹੋਇਆ। ਹਾਲਾਂਕਿ ਇਸ ਤੋਂ ਪਹਿਲਾਂ ਹੀ ਸਾਈਬਰ ਠੱਗ ਉਸਦੇ ਕ੍ਰੈਡਿਟ ਕਾਰਡ ਨਾਲ ਆਨਲਾਈਨ ਖ਼ਰੀਦਦਾਰੀ ਕਰ ਚੁੱਕੇ ਸਨ। ਮੁਲਜ਼ਮਾਂ ਨੇ ਆਈਸੀਆਈਸੀਆਈ ਬੈਂਕ ਦੇ ਕ੍ਰੈਡਿਟ ਕਾਰਡ ਨਾਲ 4,53,905 ਰੁਪਏ ਅਤੇ ਐੱਸਬੀਆਈ ਕ੍ਰੈਡਿਟ ਕਾਰਡ ਨਾਲ 94,841 ਰੁਪਏ ਫਲਿਪਕਾਰਟ ’ਤੇ ਖਰਚ ਕਰ ਦਿੱਤੇ। ਪੀੜਤ ਨੇ ਤੁਰੰਤ ਦੋਵੇਂ ਕ੍ਰੈਡਿਟ ਕਾਰਡ ਬਲਾਕ ਕਰਵਾਏ ਅਤੇ ਆਈਸੀਆਈਸੀਆਈ ਬੈਂਕ ਤੇ ਸਟੇਟ ਬੈਂਕ ਆਫ਼ ਇੰਡੀਆ ਦੇ ਕਸਟਮਰ ਕੇਅਰ ਨੂੰ ਸੂਚਿਤ ਕੀਤਾ। ਬੈਂਕਾਂ ਦੀ ਸਲਾਹ ’ਤੇ ਉਨ੍ਹਾਂ ਨੇ ਸਾਈਬਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੀੜਤ ਦੇ ਮੁਤਾਬਕ ਠੱਗਾਂ ਨੇ ਉਸਦੇ ਫਲਿਪਕਾਰਟ ਖਾਤੇ ’ਚ ਦਿੱਲੀ ਦੇ ਕਰਾਵਲ ਨਗਰ, ਦਯਾਲਪੁਰ ਅਤੇ ਭਜਨਪੁਰਾ ਇਲਾਕਿਆਂ ਦੇ ਤਿੰਨ ਵੱਖ-ਵੱਖ ਪਤੇ ਵੀ ਜੋੜ ਦਿੱਤੇ ਸਨ, ਜਿੱਥੇ ਸਾਮਾਨ ਦੀ ਡਿਲਿਵਰੀ ਹੋਣੀ ਸੀ। ਮਨਦੀਪ ਸਿੰਘ ਨੇ ਇਸ ਸਬੰਧੀ ਰਾਸ਼ਟਰੀ ਸਾਈਬਰ ਕਰਾਈਮ ਪੋਰਟਲ ’ਤੇ ਵੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।