ਕਰੋੜਾਂ ਦੀ ਧੋਖਾਧੜੀ ਮਾਮਲੇ ’ਚ ਮੁਲਜ਼ਮ ਸ਼ਿਵਮ ਖੱਤਰੀ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
ਕਰੋੜਾਂ ਦੀ ਧੋਖਾਧੜੀ ਦਾ ਮਾਮਲਾ: ਅਦਾਲਤ ਨੇ ਮੁਲਜ਼ਮ ਦੀ ਅਗਾਊਂ ਜ਼ਮਾਨਤ ਅਰਜ਼ੀ ਕੀਤੀ ਰੱਦ
Publish Date: Sun, 11 Jan 2026 07:58 PM (IST)
Updated Date: Sun, 11 Jan 2026 08:00 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਵਧੀਕ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਇਕ ਗੰਭੀਰ ਮਾਮਲੇ ’ਚ ਨਾਮਜ਼ਦ ਮੁਲਜ਼ਮ ਸ਼ਿਵਮ ਖੱਤਰੀ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇਹ ਮਾਮਲਾ ਜ਼ੀਰਕਪੁਰ ਥਾਣੇ ’ਚ ਦਰਜ ਐੱਫਆਈਆਰ ਨੰ. 200 (ਮਿਤੀ 30 ਮਈ 2024) ਨਾਲ ਸਬੰਧਤ ਹੈ, ਜਿਸ ਵਿਚ ਧੋਖਾਧੜੀ ਅਤੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹੈ। ਸ਼ਿਕਾਇਤਕਰਤਾ ਅਨੂ ਬਾਲਾ ਨੇ ਦੋਸ਼ ਲਾਇਆ ਸੀ ਕਿ ਅਮਰਦੀਪ ਸਿੰਘ, ਨਰਪਿੰਦਰਜੀਤ ਸਿੰਘ, ਅਸ਼ੋਕ ਕੁਮਾਰ ਅਤੇ ਖੁਸ਼ਪਾਲ ਸਿੰਘ ਐਡਵੋਕੇਟ ਸਮੇਤ ਹੋਰਨਾਂ ਨੇ ਮਿਲ ਕੇ ਉਸ ਨਾਲ ਇਕ ਕਰੋੜ 9 ਲੱਖ ਰੁਪਏ ਦੀ ਠੱਗੀ ਮਾਰੀ ਹੈ। ਮੁਲਜ਼ਮਾਂ ਨੇ ਐਰੋਸਿਟੀ ਅਤੇ ਐਰੋਟ੍ਰੋਪੋਲਿਸ ਪ੍ਰੋਜੈਕਟ ਵਿਚ ਨਿਵੇਸ਼ ਦਾ ਝਾਂਸਾ ਦੇ ਕੇ 59.70 ਲੱਖ ਰੁਪਏ ਨਕਦ ਅਤੇ ਦੋ ਚੈੱਕ (ਕੁੱਲ 49.90 ਲੱਖ ਰੁਪਏ) ਗੁਰਦੇਵ ਸਿੰਘ ਦੇ ਨਾਮ ਤੇ ਲਏ ਸਨ। ਹੈਰਾਨੀਜਨਕ ਖ਼ੁਲਾਸਾ ਉਦੋਂ ਹੋਇਆ ਜਦੋਂ ਪਤਾ ਲੱਗਾ ਕਿ ਜਿਸ ਗੁਰਦੇਵ ਸਿੰਘ ਦੇ ਨਾਮ ਤੇ 28 ਨਵੰਬਰ 2023 ਨੂੰ ਦੋ ਕਨਾਲ ਜ਼ਮੀਨ ਦੀ ਰਜਿਸਟਰੀ ਕਰਵਾਈ ਗਈ ਸੀ, ਉਸ ਦੀ ਮੌਤ ਤਾਂ 3 ਅਕਤੂਬਰ 2023 ਨੂੰ ਹੀ ਹੋ ਚੁੱਕੀ ਸੀ। ਮੁਲਜ਼ਮਾਂ ਨੇ ਇਕ ਫ਼ਰਜ਼ੀ ਵਿਅਕਤੀ ਨੂੰ ਗੁਰਦੇਵ ਸਿੰਘ ਬਣਾ ਕੇ ਪੇਸ਼ ਕੀਤਾ ਅਤੇ ਉਸਦੇ ਨਾਮ ਤੇ ਜਾਅਲੀ ਬੈਂਕ ਖਾਤਾ ਖੋਲ੍ਹ ਕੇ ਚੈੱਕਾਂ ਦੀ ਰਕਮ ਵੀ ਕਢਵਾ ਲਈ। ਅਦਾਲਤ ਵਿਚ ਸਾਹਮਣੇ ਆਇਆ ਕਿ ਸ਼ਿਵਮ ਖੱਤਰੀ ਨੇ ਗੁਰਦੇਵ ਸਿੰਘ ਦੇ ਨਾਮ ਤੇ ਫ਼ਰਜ਼ੀ ਬੈਂਕ ਖਾਤਾ ਖੁੱਲ੍ਹਵਾਉਣ ਵਿਚ ਮੁੱਖ ਭੂਮਿਕਾ ਨਿਭਾਈ ਸੀ। ਅਦਾਲਤ ਨੇ ਕਿਹਾ ਕਿ ਇਸ ਪੂਰੀ ਸਾਜ਼ਿਸ਼ ਦੀ ਤਹਿ ਤੱਕ ਜਾਣ ਲਈ ਮੁਲਜ਼ਮ ਦੀ ਹਿਰਾਸਤੀ ਪੁੱਛਗਿੱਛ ਬੇਹੱਦ ਜ਼ਰੂਰੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਦਾਲਤ ਨੇ ਸ਼ਿਵਮ ਖੱਤਰੀ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।