ਨਸ਼ਾ ਕਰਦੇ ਲੜਕੀ ਸਮੇਤ ਚਾਰ ਕਾਬੂ, ਕੇਸ ਦਰਜ
ਨਸ਼ਾ ਕਰਦੇ ਇਕ ਲੜਕੀ ਸਮੇਤ ਚਾਰ ਕਾਬੂ, ਕੇਸ ਦਰਜ
Publish Date: Tue, 10 Feb 2026 08:51 PM (IST)
Updated Date: Wed, 11 Feb 2026 04:15 AM (IST)

* ਹੋਟਲ ਚ ਚੱਲ ਰਹੀ ਸੀ ਨਸ਼ੇ ਦੀ ਪਾਰਟੀ ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਦੇ ਲੋਹਗੜ੍ਹ ਇਲਾਕੇ ’ਚ ਸਥਿਤ ਇਕ ਹੋਟਲ ’ਚ ਨਸ਼ਾ ਕੀਤੇ ਜਾਣ ਦੀ ਸੂਚਨਾ ਮਿਲਣ ਤੇ ਪੁਲਿਸ ਨੇ ਛਾਪੇਮਾਰੀ ਕਰ ਕੇ ਇਕ ਮੁਟਿਆਰ ਤੇ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਚਾਰਾਂ ਮੁਲਜ਼ਮਾਂ ਦਾ ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਿਗਮਾ ਸਿਟੀ ਚੌਕ, ਲੋਹਗੜ੍ਹ ਸਥਿਤ ਇਕ ਹੋਟਲ ਦੇ ਕਮਰੇ ਵਿਚ ਕੁੱਝ ਨੌਜਵਾਨ ਅਤੇ ਇਕ ਲੜਕੀ ਨਸ਼ਾ ਕਰ ਰਹੇ ਹਨ। ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਨੇ ਤੁਰੰਤ ਹੋਟਲ ਵਿਚ ਦਸਤਕ ਦਿੱਤੀ ਅਤੇ ਮੌਕੇ ਤੋਂ ਚਾਰਾਂ ਨੂੰ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਵਿਕਾਸ ਦੂਬੇ (ਵਾਸੀ ਬਿਹਾਰ), ਆਕਾਸ਼ ਕੁਮਾਰ ਉਰਫ਼ ਮੋਟਾ (ਵਾਸੀ ਬਿਹਾਰ, ਹਾਲ ਨਿਵਾਸੀ ਪ੍ਰੀਤ ਕਾਲੋਨੀ ਜ਼ੀਰਕਪੁਰ), ਗੁਰਵਿੰਦਰ ਸਿੰਘ ਉਰਫ਼ ਸੰਨੀ (ਵਾਸੀ ਸਮਾਣਾ) ਅਤੇ ਬਲਜਿੰਦਰ ਕੌਰ (ਵਾਸੀ ਸਮਾਣਾ) ਵਜੋਂ ਹੋਈ ਹੈ। ਕਾਬੂ ਕੀਤੇ ਜਾਣ ਤੋਂ ਬਾਅਦ ਪੁਲਿਸ ਚਾਰਾਂ ਨੂੰ ਸਿਵਲ ਹਸਪਤਾਲ ਡੇਰਾਬੱਸੀ ਲੈ ਗਈ, ਜਿੱਥੇ ਉਨ੍ਹਾਂ ਦਾ ਡੋਪ ਟੈਸਟ ਕਰਵਾਇਆ ਗਿਆ। ਡਿਊਟੀ ਡਾਕਟਰ ਦੀ ਰਿਪੋਰਟ ਵਿਚ ਚਾਰਾਂ ਦੇ ਸੈਂਪਲ ਨਸ਼ੇ ਲਈ ਪਾਜ਼ੇਟਿਵ ਪਾਏ ਗਏ। ਇਸ ਰਿਪੋਰਟ ਨੂੰ ਆਧਾਰ ਬਣਾ ਕੇ ਪੁਲਿਸ ਨੇ ਚਾਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਪਰਚਾ ਦਰਜ ਕਰ ਲਿਆ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਨੂੰ ਨਸ਼ੇ ਦੀ ਸਪਲਾਈ ਕਿੱਥੋਂ ਹੁੰਦੀ ਸੀ।