ਮੁਹਾਲੀ ਪੁਲਿਸ ਵੱਲੋਂ ਵਿਆਹ ਵਾਲੇ ਘਰ ’ਚ ਚੋਰੀ ਕਰਨ ਵਾਲੇ ਚਾਰ ਕਾਬੂ
ਵਿਆਹ ਵਾਲੇ ਘਰ ਵਿਚ ਚੋਰੀ ਕਰਨ ਵਾਲੇ ਚਾਰ ਕਾਬੂ
Publish Date: Fri, 20 Mar 2026 07:35 PM (IST)
Updated Date: Fri, 20 Mar 2026 07:37 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਪੁਲਿਸ ਨੇ ਵਿਆਹ ਵਾਲੇ ਘਰ ’ਚ ਹੋਈ 40 ਤੋਲੇ ਸੋਨਾ ਸਮੇਤ ਹੋਰ ਸਾਮਾਨ ਦੀ ਚੋਰੀ ਦੇ ਮਾਮਲੇ ’ਚ ਤਿੰਨ ਨੌਜਵਾਨਾਂ ਸਮੇਤ ਇਕ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸੈਕਟਰ-77 ਵਿਖੇ ਸ਼ਿਕਾਇਤਕਰਤਾ ਪਰਸ਼ੋਤਮ ਵਸ਼ਿਸ਼ਟ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਹ ਆਪਣੀ ਭਾਣਜੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਪਣੀ ਭੈਣ ਦੇ ਘਰ ਆਇਆ ਸੀ। 14 ਫਰਵਰੀ ਦੀ ਰਾਤ ਨੂੰ ਜਦੋਂ ਪਰਿਵਾਰਕ ਮੈਂਬਰ ਸੁੱਤੇ ਪਏ ਸਨ ਤਾਂ ਘਰ ਵਿਚ ਘੁਸਪੈਠ ਕਰਦਿਆਂ ਅਣਪਛਾਤੇ ਵਿਅਕਤੀਆਂ ਵੱਲੋਂ ਕਰੀਬ 40 ਤੋਲੇ ਸੋਨੇ ਦੇ ਗਹਿਣੇ ਸਮੇਤ ਹੋਰ ਵੀ ਸ਼ਗਨਾਂ ਦਾ ਸਾਮਾਨ ਚੋਰੀ ਕਰ ਲਿਆ ਗਿਆ। ਜਿਸ ਤੋਂ ਬਾਅਦ ਥਾਣਾ ਸੁਹਾਣਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ 15 ਫਰਵਰੀ ਨੂੰ ਇਹ ਮਾਮਲਾ ਦਰਜ ਕਰ ਲਿਆ ਗਿਆ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐੱਸਪੀ ਸਿਟੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਮੁਹਾਲੀ ਦੇ ਨਿਰਦੇਸ਼ਾਂ ’ਤੇ ਸੀਆਈਏ ਸਟਾਫ਼ ਖਰੜ ਅਤੇ ਸਬੰਧਕ ਥਾਣਾ ਦੀ ਪੁਲਿਸ ਨੇ ਸੰਯੁਕਤ ਆਪਰੇਸ਼ਨ ਦੌਰਾਨ ਘਰ ਵਿਚ ਹੀ ਕੰਮ ਕਰਨ ਵਾਲੀ ਲੜਕੀ ਨੇਹਾ ਧਮੀਜਾ ਅਤੇ ਉਸਦੇ ਤਿੰਨ ਸਾਥੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਕੋਲੋਂ ਇਕ ਪੁਆਇੰਟ 30 ਬੋਰ ਦਾ ਪਿਸਤੌਲ ਦੋ ਜਿੰਦਾ ਕਾਰਤੂਸ ਕਰੀਬ 37 ਤੋਲੇ ਸੋਨੇ ਦੇ ਗਹਿਣੇ ਡੇਢ ਲੱਖ ਰੁਪਏ ਦੀ ਨਕਦੀ ਅਤੇ ਵਾਰਦਾਤ ਵਿਚ ਵਰਤੀ ਗਈ ਸਵਿਫਟ ਡਿਜ਼ਾਇਰ ਗੱਡੀ ਨੂੰ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਬਾਕੀ ਤਿੰਨ ਮੁਲਜ਼ਮਾਂ ਦੀ ਪਛਾਣ ਨੇਹਾ ਧਮੀਜਾ ਦੇ ਪਤੀ ਬਲਕਾਰ ਸਿੰਘ ਉਰਫ਼ ਬੌਬੀ, ਜਸਕਰਨ ਸਿੰਘ ਅਤੇ ਪ੍ਰਿਤਪਾਲ ਸਿੰਘ ਵਾਸੀਆਨ ਬਾਘਾਪੁਰਾਣਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੁਲਿਸ ਰਿਮਾਂਡ ’ਤੇ ਹਨ ਅਤੇ ਜਾਂਚ ਜਾਰੀ ਹੈ।