ਸਾਬਕਾ ਵਿਧਾਇਕ ਨੇ ਸਿੱਖਿਆ ਮਾਡਲ ’ਤੇ ‘ਆਪ’ ਨੂੰ ਘੇਰਿਆ
ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਸਿੱਖਿਆ ਮਾਡਲ 'ਤੇ 'ਆਪ' ਨੂੰ ਘੇਰਿਆ;
Publish Date: Mon, 16 Mar 2026 08:46 PM (IST)
Updated Date: Mon, 16 Mar 2026 08:49 PM (IST)

- ਪੁੱਛਿਆ ਕਿੰਨੇ ਵਿਧਾਇਕਾਂ ਦੇ ਬੱਚੇ ਪੜ੍ਹ ਰਹੇ ਨੇ ਸਰਕਾਰੀ ਸਕੂਲਾਂ ’ਚ ਟੀਪੀਐੱਸ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਸਰਕਾਰ ’ਤੇ ਸਿੱਖਿਆ ਅਤੇ ਸਿਹਤ ਦੇ ਮੁੱਦੇ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਜ਼ੀਰਕਪੁਰ ਵਿਚ ‘ਪੰਜਾਬ ਬਚਾਓ ਯਾਤਰਾ’ ਦੀਆਂ ਤਿਆਰੀਆਂ ਸਬੰਧੀ ਵਰਕਰਾਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਸ਼ਰਮਾ ਨੇ ਸਿੱਧਾ ਸਵਾਲ ਕੀਤਾ ਕਿ ਸਰਕਾਰ ਦੱਸੇ ਕਿ ਉਨ੍ਹਾਂ ਦੇ ਕਿੰਨੇ ਮੰਤਰੀਆਂ ਅਤੇ ਵਿਧਾਇਕਾਂ ਦੇ ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਹਨ। ਖੋਖਲੇ ਦਾਅਵਿਆਂ ਦੀ ਖੁੱਲ੍ਹੀ ਪੋਲ : ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਨਾਮ ’ਤੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਜਾਰੀ ਕਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਜਦੋਂਕਿ ਸੱਚਾਈ ਇਹ ਹੈ ਕਿ ਮੁੱਖ ਮੰਤਰੀ ਸਮੇਤ ਕਈ ਮੰਤਰੀਆਂ ਦੇ ਬੱਚੇ ਖ਼ੁਦ ਮਹਿੰਗੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਆਈ ਸਿੱਖਿਆ ਸਬੰਧੀ ਇਕ ਰਿਪੋਰਟ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ‘ਆਪ’ ਦੇ ਆਪਣੇ ਹੀ ਆਗੂਆਂ ਨੂੰ ਆਪਣੇ ‘ਸਿੱਖਿਆ ਮਾਡਲ’ ’ਤੇ ਭਰੋਸਾ ਨਹੀਂ ਹੈ। ਸਾਬਕਾ ਵਿਧਾਇਕ ਨੇ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਵਿਚ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਅਕਾਲੀ ਸਰਕਾਰ ਨੇ ਬਣਾਈਆਂ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਅਕਾਲੀ ਦਲ ਵੱਲੋਂ ਸਥਾਪਿਤ ਸਕੂਲਾਂ ਦੇ ਬੋਰਡ ਬਦਲੇ ਅਤੇ ਹੁਣ ‘ਆਪ’ ਸਰਕਾਰ ਸਿਰਫ਼ ਰੰਗ-ਰੋਗਨ ਕਰ ਕੇ ਉਨ੍ਹਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਦਾ ਨਾਂ ਦੇ ਰਹੀ ਹੈ। 29 ਮਾਰਚ ਦੀ ਪੰਜਾਬ ਬਚਾਓ ਯਾਤਰਾ ਲਈ ਦਿੱਤਾ ਸੱਦਾ : ਸ਼ਰਮਾ ਨੇ ਇਲਾਕਾ ਵਾਸੀਆਂ ਨੂੰ 29 ਮਾਰਚ ਨੂੰ ਕੱਢੀ ਜਾਣ ਵਾਲੀ ‘ਪੰਜਾਬ ਬਚਾਓ ਯਾਤਰਾ’ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜਸਪਾਲ ਸਿੰਘ ਸਰਪੰਚ, ਸੁਰਿੰਦਰ ਸਿੰਘ ਛਿੰਦਾ, ਨਛੱਤਰ ਸਿੰਘ, ਮਨਵਿੰਦਰ ਸਿੰਘ ਕਾਲਾ, ਹਰਪ੍ਰੀਤ ਸਿੰਘ ਪ੍ਰੀਤ ਅਤੇ ਹੋਰ ਕਈ ਪ੍ਰਮੁੱਖ ਅਕਾਲੀ ਆਗੂ ਹਾਜ਼ਰ ਸਨ।