ਸਾਬਕਾ ਮੰਤਰੀ ਕੰਗ ਨੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਲਿਖਿਆ ਪੱਤਰ
ਸਾਬਕਾ ਮੰਤਰੀ ਕੰਗ ਨੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਲਿਖਿਆ ਪੱਤਰ
Publish Date: Wed, 04 Feb 2026 06:49 PM (IST)
Updated Date: Wed, 04 Feb 2026 06:53 PM (IST)

ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਇਕ ਪੱਤਰ ਲਿਖ ਕੇ ਖੇਤਰ ਦੀਆਂ ਤਰਸਯੋਗ ਹਾਲਤ ਲਿੰਕ ਸੜਕਾਂ ਬਾਰੇ ਜਾਣੂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੇੜਲੇ, ਈਕੋ ਸਿਟੀ ਆਦਿ ਨਿਊ ਚੰਡੀਗੜ੍ਹ ਦਾ ਸਰਬ ਪੱਖੀ ਵਿਕਾਸ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਦਿਨ ਪ੍ਰਤੀ ਦਿਨ ਆਬਾਦੀ ਵੀ ਬੜੀ ਤੇਜ਼ੀ ਨਾਲ ਵਧ ਰਹੀ ਹੈ ਪਰ ਇੱਥੇ ਗਰੇਟਰ ਮੁਹਾਲੀ ਏਰੀਆ ਡਿਵਲਪਮੈਂਟ ਅਥਾਰਟੀ (ਗਮਾਡਾ) ਅਧੀਨ ਆਉਂਦੀਆਂ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਖ਼ਸਤਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਤੀੜਾ ਕ੍ਰਿਕਟ ਸਟੇਡੀਅਮ ਤੋਂ ਬੂਥਗੜ੍ਹ ਸਰਕਾਰੀ ਡਿਸਪੈਂਸਰੀ, ਮੁੱਲਾਂਪੁਰ ਬੈਰੀਅਰ ਤੋਂ ਮਾਜਰਾ ਟੀ-ਪੁਆਇੰਟ (ਸਮੇਤ ਮਾਜਰਾ ਪੁਲ਼) ਅਤੇ ਓਮੈਕਸ ਤੋਂ ਰਾਣੀ ਮਾਜਰਾ ਚੌਕ ਤੱਕ ਦੀਆਂ ਮੇਨ ਸੜਕਾਂ ਟੁੱਟੀਆਂ ਹੋਣ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ, ਮਾਜਰਾ-ਮਾਜਰੀ- ਕੁਰਾਲੀ ਹਾਈਵੇ ਤੇ ਨਾਲ ਲੱਗਦੇ ਪਿੰਡਾਂ ਦੇ ਸੀਵਰੇਜ ਦਾ ਗੰਦਾ ਪਾਣੀ ਆ ਰਿਹਾ ਹੈ, ਜਿਸ ਦੀ ਨਿਕਾਸੀ ਦਾ ਕੋਈ ਢੁਕਵਾਂ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਮਾਜਰੀ-ਸਿਆਲਬਾ-ਖੇੜਾ- ਖਿਜ਼ਰਾਬਾਦ-ਬਿੰਦਰੱਖ ਮੇਨ ਸੜਕ (ਜੋਕਿ ਮਾਜਰੀ ਬਲਾਕ ਦੇ ਸਬੰਧਤ ਪਿੰਡਾਂ ਲਈ ਇਕ ਵੱਡਾ ਲਾਂਘਾ ਹੈ) ਦੀ ਹਾਲਤ ਵੀ ਬਦ ਤੋਂ ਬਦਤਰ ਹੋ ਚੁੱਕੀ ਹੈ।