ਵਣ ਵਿਭਾਗ ਦੀ ਲੱਕੜ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ : ਕੀਮਤੀ ਲੱਕੜਾਂ ਨਾਲ ਭਰੀਆਂ ਦੋ ਗੱਡੀਆਂ ਜ਼ਬਤ
ਵਣ ਵਿਭਾਗ ਦੀ ਲੱਕੜ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ : ਕੀਮਤੀ ਲੱਕੜਾਂ ਨਾਲ ਭਰੀਆਂ ਦੋ ਗੱਡੀਆਂ ਜ਼ਬਤ,
Publish Date: Sat, 03 Jan 2026 07:43 PM (IST)
Updated Date: Sun, 04 Jan 2026 04:14 AM (IST)

ਰਾਤ ਦਾ ਫਾਇਦਾ ਉਠਾਉਂਦੇ ਹੋਏ ਤਸਕਰ ਮੌਕੇ ਤੋਂ ਫ਼ਰਾਰ ਇਕਬਾਲ ਸਿੰਘ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਦੇ ਪਿੰਡ ਬਾਕਰਪੁਰ ਬੀੜ ਵਿਖੇ ਵਣ ਵਿਭਾਗ ਨੇ ਅੱਧੀ ਰਾਤ ਨੂੰ ਕਾਰਵਾਈ ਕਰਦਿਆਂ ਲੱਕੜ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਖੈਰ ਦੀ ਕੀਮਤੀ ਲੱਕੜ ਨਾਲ ਭਰੇ ਇਕ ਕੈਂਟਰ ਅਤੇ ਇਕ ਛੋਟੇ ਹਾਥੀ ਵਾਹਨ ਨੂੰ ਕਾਬੂ ਕਰ ਕੇ ਜ਼ਬਤ ਕਰ ਲਿਆ ਗਿਆ, ਜਦਕਿ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਤਸਕਰ ਮੌਕੇ ਤੋਂ ਫ਼ਰਾਰ ਹੋ ਗਏ। ਵਣ ਰੇਂਜ ਅਫ਼ਸਰ ਜੈ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਰਾਤ ਨੂੰ ਤੜਕੇ ਕਰੀਬ 2 ਵਜੇ ਬਾਕਰਪੁਰ ਬੀਟ ਦੇ ਇੰਚਾਰਜ ਜੰਗਲਾਤ ਗਾਰਡ ਰਘਬੀਰ ਸਿੰਘ ਵੱਲੋਂ ਗੁਪਤ ਸੂਚਨਾ ਮਿਲੀ ਸੀ ਕਿ ਜੰਗਲ ਖੇਤਰ ਵਿਚ ਹਰੇ-ਭਰੇ ਦਰੱਖਤਾਂ ਦੀ ਗ਼ੈਰ-ਕਾਨੂੰਨੀ ਕੱਟਾਈ ਕੀਤੀ ਜਾ ਰਹੀ ਹੈ। ਸੂਚਨਾ ਮਿਲਦਿਆਂ ਹੀ ਡੇਰਾਬੱਸੀ ਰੇਂਜ ਦੇ ਸਮੂਹ ਸਟਾਫ਼ ਨੇ ਮੌਕੇ ’ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਬਲਾਕ ਅਫ਼ਸਰ ਸੁਰਿੰਦਰ ਸਿੰਘ ਤੇ ਗੁਰਦੀਪ ਰਾਮ, ਜੰਗਲਾਤ ਗਾਰਡ ਰਘਵੀਰ ਸਿੰਘ, ਗੁਰਦੀਪ ਸਿੰਘ, ਜਤਿੰਦਰ ਸਿੰਘ, ਪਰਵਿੰਦਰ ਸਿੰਘ ਤੇ ਜੰਗਲਾਤ ਗਾਰਡ ਤੇਗਬੀਰ ਸਿੰਘ ਸਮੇਤ ਟੀਮ ਨੇ ਜੰਗਲ ਅੰਦਰ ਦਾਖ਼ਲ ਹੋ ਕੇ ਘੇਰਾਬੰਦੀ ਕੀਤੀ, ਤਾਂ ਮੌਕੇ ’ਤੇ ਇਕ ਕੈਂਟਰ ਅਤੇ ਇਕ ਛੋਟਾ ਹਾਥੀ ਵਾਹਨ ਖੈਰ ਦੀ ਲੱਕੜ ਨਾਲ ਲੋਡ ਕਰਦੇ ਅਣਪਛਾਤੇ ਤਸਕਰ ਮਿਲੇ। ਵਣ ਵਿਭਾਗ ਤੇ ਪੁਲਿਸ ਦੀ ਮੌਜੂਦਗੀ ਦੇਖ ਕੇ ਤਸਕਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਜੰਗਲ ਵੱਲ ਭੱਜ ਨਿਕਲੇ। ਕਰੀਬ ਇਕ ਦਰਜਨ ਤਸਕਰ ਫ਼ਰਾਰ ਹੋ ਗਏ, ਪਰ ਵਾਹਨ ਅਤੇ ਕੀਮਤੀ ਲੱਕੜ ਮੌਕੇ ’ਤੇ ਹੀ ਛੱਡ ਗਏ। ਘੇਰਾਬੰਦੀ ਨੂੰ ਮਜ਼ਬੂਤ ਬਣਾਉਣ ਲਈ ਸੜਕਾਂ ’ਤੇ ਟਰੈਕਟਰ-ਟਰਾਲੀਆਂ ਖੜ੍ਹੀਆਂ ਕਰ ਕੇ ਰਸਤੇ ਸੀਲ ਕੀਤੇ ਗਏ। ਇਸ ਦੌਰਾਨ ਵਣ ਵਿਭਾਗ ਦੀ ਗਾਰਡ ਟੀਮ ਨਾਲ ਤਸਕਰਾਂ ਦੀ ਤਣਾਅਪੂਰਨ ਆਹਮਣੇ-ਸਾਹਮਣੇ ਦੀ ਸਥਿਤੀ ਵੀ ਬਣੀ, ਪਰ ਟੀਮ ਦੀ ਸੂਝਬੂਝ ਨਾਲ ਵੱਡਾ ਹਾਦਸਾ ਟਲ ਗਿਆ। ਵਣ ਵਿਭਾਗ ਅਤੇ ਪੁਲਿਸ ਦੀ ਮੌਜੂਦਗੀ ਦੇਖ ਕੇ ਤਸਕਰ ਵਾਹਨ ਮੌਕੇ ’ਤੇ ਛੱਡ ਕੇ ਜੰਗਲ ਵੱਲ ਭੱਜ ਨਿਕਲੇ। ਕਰੀਬ ਇਕ ਦਰਜਨ ਦੇ ਆਸ-ਪਾਸ ਤਸਕਰ ਫ਼ਰਾਰ ਹੋਣ ਦੀ ਜਾਣਕਾਰੀ ਹੈ। ਵਣ ਵਿਭਾਗ ਅਨੁਸਾਰ ਤਸਕਰਾਂ ਵੱਲੋਂ ਲਗਭਗ 25 ਤੋਂ 30 ਖੈਰ ਦੇ ਦਰੱਖਤਾਂ ਦੀ ਕੱਟਾਈ ਕੀਤੀ ਗਈ ਸੀ, ਜਿਸ ਦੀ ਬਾਜ਼ਾਰੀ ਕੀਮਤ 6 ਤੋਂ 10 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਜ਼ਬਤ ਕੀਤੀ ਗਈ ਲੱਕੜ ਤੇ ਦੋਵੇਂ ਵਾਹਨ ਕੈਂਟਰ ਅਤੇ ਛੋਟਾ ਹਾਥੀ ਨੂੰ ਕਾਨੂੰਨੀ ਕਾਰਵਾਈ ਅਧੀਨ ਸੀਜ਼ ਕੀਤਾ ਜਾ ਰਿਹਾ ਹੈ। ਉੱਥੇ ਹੀ ਡੇਰਾਬੱਸੀ ਪੁਲਿਸ ਵੱਲੋਂ ਕੈਂਟਰ ਅਤੇ ਛੋਟਾ ਹਾਥੀ ਦੇ ਮਾਲਕਾਂ ਦੀ ਪਛਾਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਣ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਨਿਯਮਾਂ ਅਨੁਸਾਰ ਵੱਡੇ ਜੁਰਮਾਨੇ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਹੈ। ਵਣ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਜੰਗਲਾਂ ਦੀ ਰੱਖਿਆ ਲਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ ਅਤੇ ਗ਼ੈਰ-ਕਾਨੂੰਨੀ ਤਸਕਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।