ਵਿਦੇਸ਼ੀ ਔਰਤ ਨੇ ਟੈਕਸੀ ਚਾਲਕ ਨਾਲ ਕੀਤੀ ਬਦਸਲੂਕੀ, ਕਿਰਾਇਆ ਦੇਣ ਤੋਂ ਕੀਤਾ ਇਨਕਾਰ
ਵਿਦੇਸ਼ੀ ਮਹਿਲਾ ਵੱਲੋਂ ਟੈਕਸੀ ਚਾਲਕ ਨਾਲ ਬਦਸਲੂਕੀ, ਕਿਰਾਇਆ ਦੇਣ ਤੋਂ ਕੀਤਾ ਇਨਕਾਰ
Publish Date: Wed, 04 Feb 2026 07:45 PM (IST)
Updated Date: Wed, 04 Feb 2026 07:47 PM (IST)
ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ਿਲ੍ਹੇ ’ਚ ਇਕ ਵਿਦੇਸ਼ੀ ਔਰਤ ਵੱਲੋਂ ਟੈਕਸੀ ਚਾਲਕ ਨਾਲ ਦੁਰਵਿਵਹਾਰ ਕਰਨ ਦਾ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੋਸ਼ ਹੈ ਕਿ ਔਰਤ ਨੇ ਨਾ ਸਿਰਫ਼ ਟੈਕਸੀ ਦਾ ਬਣਦਾ ਕਿਰਾਇਆ ਦੇਣ ਤੋਂ ਮਨ੍ਹਾ ਕੀਤਾ, ਸਗੋਂ ਚਾਲਕ ਨੂੰ ਬਲੈਕਮੇਲ ਕਰਨ ਅਤੇ ਉਸ ਦੀ ਗੱਡੀ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਇਸ ਘਟਨਾ ਤੋਂ ਬਾਅਦ ਖੇਤਰ ’ਚ ਮਾਹੌਲ ਕਾਫ਼ੀ ਗਰਮਾ ਗਿਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਸਥਾਨਕ ਲੋਕ ਪ੍ਰਸ਼ਾਸਨ ਤੋਂ ਅਜਿਹੇ ਮਾਮਲਿਆਂ ਵਿਚ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਜਾਣਕਾਰੀ ਅਨੁਸਾਰ, ਇਹ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਔਰਤ ਨੇ ਮੁਹਾਲੀ ਦੇ ਸੈਕਟਰ-82 ਤੋਂ ਜ਼ੀਰਕਪੁਰ ਲਈ ਟੈਕਸੀ ਬੁੱਕ ਕੀਤੀ ਸੀ। ਸਫ਼ਰ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ। ਵਾਇਰਲ ਵੀਡੀਓ ਵਿਚ ਮਹਿਲਾ ਟੈਕਸੀ ਚਾਲਕ 'ਤੇ ਰੋਅਬ ਜਮਾ ਰਹੀ ਹੈ ਅਤੇ ਕਿਰਾਇਆ ਦੇਣ ਤੋਂ ਸਾਫ਼ ਇਨਕਾਰ ਕਰ ਰਹੀ ਹੈ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਮਹਿਲਾ ਦਾ ਵਤੀਰਾ ਕਾਫ਼ੀ ਹਿੰਸਕ ਅਤੇ ਅਪਮਾਨਜਨਕ ਸੀ।
ਇਸ ਸਬੰਧੀ ਆਟੋ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ। ਕੁਝ ਦਿਨ ਪਹਿਲਾਂ ਸੈਕਟਰ-17 ਤੋਂ ਬੁੱਕ ਕੀਤੀ ਗਈ ਇਕ ਰਾਈਡ ਵਿਚ ਵੀ ਇਕ ਹੋਰ ਵਿਦੇਸ਼ੀ ਮਹਿਲਾ ਨੇ ਚਾਲਕ ਨਾਲ ਬਦਤਮੀਜ਼ੀ ਕੀਤੀ ਸੀ ਅਤੇ ਪੈਸੇ ਨਹੀਂ ਦਿੱਤੇ ਸਨ। ਔਰਤ ਨਾਲ ਜੁੜਿਆ ਮਾਮਲਾ ਹੋਣ ਕਾਰਨ ਅਕਸਰ ਅਜਿਹੀਆਂ ਘਟਨਾਵਾਂ ਨੂੰ ਦਬਾ ਦਿੱਤਾ ਜਾਂਦਾ ਹੈ, ਪਰ ਹੁਣ ਟੈਕਸੀ ਚਾਲਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਉਠਾਉਣੀ ਜ਼ਰੂਰੀ ਹੈ।