ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਨੇ ਲੁੱਟਿਆ ਮੁਹਾਲੀ ਕਾਰਨੀਵਲ 2026
ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਨੇ ਲੁੱਟਿਆ ਮੁਹਾਲੀ ਕਾਰਨੀਵਲ 2026
Publish Date: Fri, 06 Feb 2026 06:24 PM (IST)
Updated Date: Fri, 06 Feb 2026 06:26 PM (IST)
ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਕਾਰਨੀਵਲ–2026 ਪੰਜਾਬ ਸਖੀ ਸ਼ਕਤੀ ਮੇਲੇ ਵਿਚ ਵੱਖ-ਵੱਖ ਤਰ੍ਹਾਂ ਦੀਆਂ ਕਲਾ ਕ੍ਰਿਤੀਆਂ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਫੂਡ ਸਟਾਲਾਂ ਨੇ ਮੇਲੀਆਂ ਦਾ ਖ਼ੂਬ ਮਨ ਮੋਹ ਲਿਆ ਹੈ। ਮੇਲੇ ਦੀ ਅਗਵਾਈ ਮੇਲਾ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਵੱਲੋਂ ਕੀਤੀ ਜਾ ਰਹੀ ਹੈ। ਮੇਲੇ ਵਿਚ ਸ਼ਾਮਲ ਲੋਕਾਂ ਲਈ ਵੱਖ-ਵੱਖ ਰਾਜਾਂ ਅਤੇ ਸਕੂਲਾਂ–ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਰੋਜ਼ਾਨਾ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਸੱਭਿਆਚਾਰਕ ਗਤੀਵਿਧੀਆਂ ਦੇ ਮੇਜ਼ਬਾਨ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਪੰਜਾਬ ਦਾ ਭੰਗੜਾ, ਲੁੱਡੀ, ਜਿੰਦੂਆਂ, ਹਰਿਆਣਾ ਦਾ ਘੁੰਮਰ ਅਤੇ ਦੇਵਰ-ਭਾਬੀ, ਰਾਜਸਥਾਨ ਦਾ ਚੱਕਰੀ ਤੇ ਕਾਲਬੇਲੀਆਂ, ਉੱਤਰ ਪ੍ਰਦੇਸ਼ ਦੇ ਬੀਨ ਲੋਗੀਆਂ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕ ਨਾਚਾਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਸ਼ੁੱਕਰਵਾਰ ਨੂੰ ਖ਼ਾਲਸਾ ਕਾਲਜ ਮੁਹਾਲੀ, ਸਰਕਾਰੀ ਕਾਲਜ ਡੇਰਾਬੱਸੀ, ਦੁਆਬਾ ਕਾਲਜ ਮੁਹਾਲੀ ਅਤੇ ਚੰਡੀਗੜ੍ਹ ਗਰੁੱਪ ਆਫ਼ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਲੋਕ ਨਾਚਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖ਼ੂਬ ਦਾਦ ਮਿਲੀ। ਮੇਲੇ ਦਾ ਮਾਹੌਲ ਰੰਗਾਂ, ਸੰਗੀਤ ਅਤੇ ਸੱਭਿਆਚਾਰਕ ਵਿਭਿੰਨਤਾ ਨਾਲ ਭਰਪੂਰ ਨਜ਼ਰ ਆਇਆ।