ਪੰਜਾਬ 'ਚ 'ਧੁੰਦ ਦਾ ਪਹਿਰਾ', ਸੀਤ ਲਹਿਰ ਨੇ ਵਧਾਈ ਮੁਸੀਬਤ, ਲੋਹੜੀ ਤੱਕ ਮੌਸਮ ਨੂੰ ਲੈ ਕੇ ਵੱਡੀ ਅਪਡੇਟ
ਪੰਜਾਬ ਅਤੇ ਚੰਡੀਗੜ੍ਹ ਵਿਚ ਕੁਦਰਤ ਨੇ ਆਪਣਾ ਕਰੜਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹੱਡ-ਚੀਰਵੀਂ ਠੰਢ ਅਤੇ ਅੱਖਾਂ ਅੱਗੇ ਹਨ੍ਹੇਰਾ ਕਰ ਦੇਣ ਵਾਲੀ ਸੰਘਣੀ ਧੁੰਦ ਨੇ ਜਨ-ਜੀਵਨ ਦੀ ਰਫ਼ਤਾਰ ’ਤੇ ਬਰੇਕਾਂ ਲੱਗਾ ਦਿੱਤੀਆਂ ਹਨ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੀ ਲੋਹੜੀ ਤੱਕ ਰਾਹਤ ਦੀ ਕੋਈ ਉਮੀਦ ਨਹੀਂ ਹੈ ਅਤੇ ਸੂਬੇ ਦੇ ਕਈ ਹਿੱਸਿਆਂ ਵਿਚ 'ਯੈਲੋ ਅਲਰਟ' ਬਰਕਰਾਰ ਰਹੇਗਾ।
Publish Date: Sat, 10 Jan 2026 12:43 PM (IST)
Updated Date: Sat, 10 Jan 2026 12:53 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ। ਪੰਜਾਬ ਅਤੇ ਚੰਡੀਗੜ੍ਹ ਵਿਚ ਕੁਦਰਤ ਨੇ ਆਪਣਾ ਕਰੜਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹੱਡ-ਚੀਰਵੀਂ ਠੰਢ ਅਤੇ ਅੱਖਾਂ ਅੱਗੇ ਹਨ੍ਹੇਰਾ ਕਰ ਦੇਣ ਵਾਲੀ ਸੰਘਣੀ ਧੁੰਦ ਨੇ ਜਨ-ਜੀਵਨ ਦੀ ਰਫ਼ਤਾਰ ’ਤੇ ਬਰੇਕਾਂ ਲੱਗਾ ਦਿੱਤੀਆਂ ਹਨ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੀ ਲੋਹੜੀ ਤੱਕ ਰਾਹਤ ਦੀ ਕੋਈ ਉਮੀਦ ਨਹੀਂ ਹੈ ਅਤੇ ਸੂਬੇ ਦੇ ਕਈ ਹਿੱਸਿਆਂ ਵਿਚ 'ਯੈਲੋ ਅਲਰਟ' ਬਰਕਰਾਰ ਰਹੇਗਾ।
ਬਠਿੰਡਾ ਰਿਹਾ ਸਭ ਤੋਂ ਠੰਢਾ, ਅੰਮ੍ਰਿਤਸਰ 'ਚ ਦਿਨ ਵੇਲੇ ਹਨ੍ਹੇਰਾ
ਬੀਤੇ 24 ਘੰਟਿਆਂ ਦੌਰਾਨ ਬਠਿੰਡਾ 5 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਨਾਲ ਪੂਰੇ ਪੰਜਾਬ ਵਿਚੋਂ ਸਭ ਤੋਂ ਵੱਧ ਠੰਢਾ ਰਿਹਾ। ਉੱਥੇ ਹੀ ਅੰਮ੍ਰਿਤਸਰ ਵਿਚ ਸੰਘਣੀ ਧੁੰਦ ਨੇ ਅਜਿਹਾ ਘੇਰਾ ਪਾਇਆ ਕਿ ਵਿਜ਼ੀਬਿਲਟੀ ਮਹਿਜ਼ 150 ਮੀਟਰ ਰਹਿ ਗਈ। ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਰਗੇ ਵੱਡੇ ਸ਼ਹਿਰਾਂ ਵਿਚ ਦਿਨ ਵੇਲੇ ਸੂਰਜ ਦੇ ਦਰਸ਼ਨ ਨਾ ਹੋਣ ਕਾਰਨ 'ਕੋਲਡ ਡੇ' ਵਰਗੀ ਸਥਿਤੀ ਬਣੀ ਰਹੀ। ਭਾਵੇਂ ਵੱਧ ਤੋਂ ਵੱਧ ਤਾਪਮਾਨ ਵਿਚ 0.1 ਡਿਗਰੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ ਪਰ ਸੀਤ ਲਹਿਰ ਨੇ ਲੋਕਾਂ ਨੂੰ ਘਰਾਂ ਅੰਦਰ ਦੁਬਕਣ ਲਈ ਮਜ਼ਬੂਰ ਕਰ ਦਿੱਤਾ ਹੈ।
ਆਉਣ ਵਾਲੇ ਦਿਨਾਂ ਦਾ ਮੌਸਮ ਰਿਪੋਰਟ ਕਾਰਡ
ਮੌਸਮ ਵਿਗਿਆਨੀਆਂ ਅਨੁਸਾਰ ਆਉਣ ਵਾਲੇ ਤਿੰਨ ਦਿਨ ਪੰਜਾਬ ਲਈ ਕਾਫ਼ੀ ਚੁਣੌਤੀਪੂਰਨ ਰਹਿਣਗੇ :
10 ਜਨਵਰੀ : ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿਚ 'ਧੁੰਦ ਦੀ ਚਾਦਰ' ਹੋਰ ਗੂੜ੍ਹੀ ਹੋਵੇਗੀ। ਮਾਲਵਾ ਖੇਤਰ ਦੇ ਫਾਜ਼ਿਲਕਾ, ਮੁਕਤਸਰ ਅਤੇ ਮਾਨਸਾ ਵਿਚ ਸੀਤ ਲਹਿਰ ਦਾ ਪ੍ਰਕੋਪ ਜਾਰੀ ਰਹੇਗਾ।
11-12 ਜਨਵਰੀ
ਮਾਝਾ, ਦੁਆਬਾ ਅਤੇ ਖ਼ਾਸ ਕਰਕੇ ਐੱਸਏਐੱਸ ਨਗਰ (ਮੁਹਾਲੀ) ਅਤੇ ਰੂਪਨਗਰ ਵਿਚ ਸਵੇਰ ਵੇਲੇ ਸੰਘਣੀ ਧੁੰਦ ਪੈਣ ਦੀ 100 ਫ਼ੀਸਦੀ ਸੰਭਾਵਨਾ ਹੈ।
ਸਾਵਧਾਨੀ ਹੀ ਬਚਾਅ ਹੈ
ਮੌਸਮ ਵਿਭਾਗ ਨੇ ਹਾਈਵੇ 'ਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਫੌਗ ਲਾਈਟਾਂ ਦੀ ਵਰਤੋਂ ਕਰਨ ਅਤੇ ਰਫ਼ਤਾਰ ਧੀਮੀ ਰੱਖਣ ਦੀ ਅਪੀਲ ਕੀਤੀ ਹੈ। ਡਾਕਟਰਾਂ ਨੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਵੇਰ ਅਤੇ ਰਾਤ ਦੀ ਸਿੱਧੀ ਠੰਢ ਤੋਂ ਬਚਣ ਦੀ ਸਲਾਹ ਦਿੱਤੀ ਹੈ।