ਮੁਬਾਰਕਪੁਰ-ਪੰਡਵਾਲਾ ਚੌਕ 'ਤੇ ਉੱਡਦੀ ਮਿੱਟੀ ਨੇ ਲੋਕਾਂ ਦਾ ਜੀਣਾ ਕੀਤਾ ਮੁਹਾਲ
ਮੁਬਾਰਕਪੁਰ-ਪੰਡਵਾਲਾ ਚੌਕ 'ਤੇ ਉੱਡਦੀ ਮਿੱਟੀ ਨੇ ਲੋਕਾਂ ਦਾ ਜੀਣਾ ਕੀਤਾ ਮੁਹਾਲ, ਪ੍ਰ
Publish Date: Fri, 06 Feb 2026 05:40 PM (IST)
Updated Date: Fri, 06 Feb 2026 05:44 PM (IST)

ਪ੍ਰਸ਼ਾਸਨਿਕ ਬੇਰੁਖ਼ੀ ਕਾਰਨ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਮੁਬਾਰਕਪੁਰ ਦੇ ਪੰਡਵਾਲਾ ਚੌਕ ਤੇ ਉੱਡ ਰਹੀ ਬੇਅੰਤ ਮਿੱਟੀ ਅਤੇ ਧੂੜ ਕਾਰਨ ਸਥਾਨਕ ਨਿਵਾਸੀਆਂ ਅਤੇ ਦੁਪਹੀਆ ਵਾਹਨ ਚਾਲਕਾਂ ਦਾ ਨਿਕਲਣਾ ਦੁੱਭਰ ਹੋ ਗਿਆ ਹੈ। ਲੰਬੇ ਸਮੇਂ ਤੋਂ ਚੱਲ ਰਹੀ ਇਸ ਸਮੱਸਿਆ ਨੇ ਹੁਣ ਗੰਭੀਰ ਰੂਪ ਧਾਰ ਲਿਆ ਹੈ, ਜਿਸ ਕਾਰਨ ਖੇਤਰ ’ਚ ਸਾਹ ਦੀਆਂ ਬਿਮਾਰੀਆਂ ਫ਼ੈਲਣ ਦਾ ਡਰ ਬਣਿਆ ਹੋਇਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਪਹਿਲਾਂ ਕਰੈਸ਼ਰ ਐਸੋਸੀਏਸ਼ਨ ਵੱਲੋਂ ਧੂੜ ਨੂੰ ਬਿਠਾਉਣ ਲਈ ਸੜਕਾਂ ਤੇ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਸੀ, ਪਰ ਪਿਛਲੇ ਕੁੱਝ ਸਮੇਂ ਤੋਂ ਇਹ ਛਿੜਕਾਅ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਸੜਕ ’ਤੇ ਹਮੇਸ਼ਾ ਧੂੜ ਮਿੱਟੀ ਉੱਡਦੀ ਰਹਿੰਦੀ ਹੈ। ਜਿਸ ਕਾਰਨ ਇਹ ਮਿੱਟੀ ਸੜਕ ਕਿਨਾਰੇ ਖਾਣ ਪੀਣ ਦੀਆਂ ਵਸਤੂਆਂ ਦੀ ਰੇਹੜੀਆਂ ਲਾਉਣ ਵਾਲਿਆਂ ਦੇ ਸਾਮਾਨ ਵਿਚ ਪੈ ਰਹੀ ਹੈ। ਜਿਸ ਕਾਰਨ ਇਨ੍ਹਾਂ ਵਸਤੂਆਂ ਨੂੰ ਖਾਣ ਵਾਲੇ ਕਿਸੇ ਸਮੇਂ ਵੀ ਖ਼ਤਰਨਾਕ ਬਿਮਾਰੀਆਂ ਦੀ ਲਪੇਟ ਵਿਚ ਆ ਸਕਦੇ ਹਨ। ਭਾਰੀ ਵਾਹਨਾਂ ਦੇ ਲੰਘਣ ਕਾਰਨ ਉੱਡਦੀ ਧੂੜ ਸਿੱਧੀ ਦੁਪਹੀਆ ਵਾਹਨ ਚਾਲਕਾਂ ਦੇ ਅੱਖਾਂ ਅਤੇ ਨੱਕ ਵਿਚ ਜਾ ਰਹੀ ਹੈ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵੀ ਵਧ ਗਿਆ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਅਧਿਕਾਰੀਆਂ ਦੀ ਇਸ ਕਥਿਤ ਬੇਰੁਖ਼ੀ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਸੜਕਾਂ ਤੇ ਧੂੜ ਦਾ ਗੁਬਾਰ ਇੰਨਾ ਜ਼ਿਆਦਾ ਹੈ ਕਿ ਪੈਦਲ ਚੱਲਣਾ ਵੀ ਮੁਸ਼ਕਲ ਹੈ। ਜੇਕਰ ਜਲਦੀ ਪਾਣੀ ਦਾ ਛਿੜਕਾਅ ਸ਼ੁਰੂ ਨਾ ਕੀਤਾ ਗਿਆ ਤਾਂ ਇੱਥੇ ਲੋਕ ਗੰਭੀਰ ਬਿਮਾਰੀਆਂ ਦੀ ਲਪੇਟ ਵਿਚ ਆ ਜਾਣਗੇ। ਸਿਹਤ ਮਾਹਰਾਂ ਅਨੁਸਾਰ ਲਗਾਤਾਰ ਧੂੜ ਭਰੇ ਵਾਤਾਵਰਨ ਵਿਚ ਰਹਿਣ ਨਾਲ ਅਸਥਮਾ, ਐਲਰਜੀ ਅਤੇ ਅੱਖਾਂ ਵਿਚ ਜਲਣ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਰੈਸ਼ਰ ਮਾਲਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਸੜਕਾਂ ਤੇ ਨਿਯਮਤ ਪਾਣੀ ਦਾ ਛਿੜਕਾਅ ਯਕੀਨੀ ਬਣਾਇਆ ਜਾਵੇ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ।