ਪਸ਼ੂਆਂ ਨੂੰ ਮਿਨਰਲ ਮਿਕਚਰ ਖਵਾਓ ਤੇ ਦੁੱਧ ਦੀ ਪੈਦਾਵਾਰ ਵਧਾਓ : ਡਾ ਸ਼ਰਮਾ
ਪਸ਼ੂਆਂ ਨੂੰ ਮਿਨਰਲ ਮਿਕਚਰ ਖਵਾਓ ਅਤੇ ਦੁੱਧ ਦੀ ਪੈਦਾਵਾਰ ਵਧਾਓ : ਡਾ ਸ਼ਰਮਾ
Publish Date: Mon, 05 Jan 2026 07:00 PM (IST)
Updated Date: Mon, 05 Jan 2026 07:02 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਮਿਨਰਲ ਮਿਕਚਰ (ਧਾਤਾਂ ਦਾ ਚੂਰਾ) ਪਸ਼ੂਆਂ ਲਈ ਜ਼ਰੂਰੀ ਪੌਸ਼ਟਿਕ ਤੱਤ ਹੈ, ਜੋਕਿ ਮਿਨਰਲਜ਼ ਅਤੇ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ। ਅੱਜ-ਕੱਲ ਪਸ਼ੂਆਂ ਨੂੰ ਚਾਰੇ ਵਿਚ ਲੋੜ ਅਨੁਸਾਰ ਮਿਨਰਲਜ਼ ਅਤੇ ਵਿਟਾਮਿਨ ਨਹੀਂ ਮਿਲਦੇ, ਇਸ ਲਈ ਮਿਨਰਲ ਮਿਕਚਰ ਪਸ਼ੂਆਂ ਲਈ ਬਹੁਤ ਜ਼ਰੂਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਬਿਮਲ ਸ਼ਰਮਾ ਨੇ ਦੱਸਿਆ ਕਿ ਮਿਨਰਲ ਮਿਕਚਰ ਜਿਸ ਵਿਚ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਕਾਪਰ, ਕੋਬਾਲਟ ਅਤੇ ਜਿੰਕ ਹੁੰਦੇ ਹਨ, ਹਰ ਰੋਜ਼ ਪਸ਼ੂਆਂ ਨੂੰ 50-100 ਗ੍ਰਾਮ ਚਾਰੇ ਨਾਲ ਖਵਾਉਣਾ ਚਾਹੀਦਾ ਹੈ ਜਾਂ 2 ਕਿੱਲੋ ਮਿਨਰਲ ਮਿਕਚਰ ਇਕ ਕੁਇੰਟਲ ਫੀਡ ਵਿਚ ਮਿਲਾਉਣਾ ਚਾਹੀਦਾ ਹੈ। ਇਹ ਪਸ਼ੂਆਂ ਦੇ ਮਹੱਤਵਪੂਰਨ ਅੰਗਾਂ ਦੇ ਕੰਮਕਾਜ ਵਿਚ ਸੁਧਾਰ ਕਰਦਾ ਹੈ ਅਤੇ ਪਸ਼ੂਆਂ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਂਦਾ ਹੈ, ਪਸ਼ੂਆਂ ਦੀ ਪਾਚਨ ਅਤੇ ਪ੍ਰਜਣਨ ਸ਼ਕਤੀ ਵਧਾਉਂਦਾ ਹੈ ਅਤੇ ਪਸ਼ੂ ਦੁੱਧ ਵੱਧ ਦਿੰਦੇ ਹਨ। ਡਾ. ਬਿਮਲ ਸ਼ਰਮਾ ਨੇ ਕਿਹਾ ਕਿ ਇਸ ਤੋਂ ਇਲਾਵਾ ਪਸ਼ੂਆਂ ਨੂੰ ਯੂਰੋਮਿਨ ਲਿਕ (ਪਸ਼ੂ ਚਾਟ) ਵੀ ਖਵਾਉਣੀ ਚਾਹੀਦੀ ਹੈ ਜੋ ਕਿ ਊਰਜਾ, ਪ੍ਰੋਟੀਨ ਅਤੇ ਧਾਂਤਾ ਦਾ ਸਰੋਤ ਹੈ। ਯੂਰੋਮਿਨ ਲਿਕ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ, ਪਾਚਨ ਸ਼ਕਤੀ ਵਧਾਉਂਦਾ ਹੈ, ਲਵੇਰੇ ਸੂਆ ਨਹੀਂ ਭੰਨਦੇ ਅਤੇ ਪਸ਼ੂ ਹਰਵਿਰਆਏ ਰਹਿੰਦੇ ਹਨ। ਪਸ਼ੂ ਚਾਟ 6 ਮਹੀਨੇ ਤੋਂ ਘੱਟ ਕੱਟੜੂਆ, ਵਛੜਿਆਂ ਨੂੰ ਨਹੀਂ ਖਵਾਉਣੀ ਚਾਹੀਦੀ। ਡਾ. ਸ਼ਰਮਾ ਨੇ ਦੱਸਿਆ ਕਿ ਮਿਨਰਲ ਮਿਕਚਰ ਅਤੇ ਯੂਰੋਮਿਨ ਲਿਕ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਤਿਆਰ ਕੀਤਾ ਜਾਂਦਾ ਹੈ। ਮਿਨਰਲ ਮਿਕਚਰ ਦੀ ਕੀਮਤ 90 ਰੁਪਏ ਪ੍ਰਤੀ ਕਿੱਲੋ ਅਤੇ ਯੂਰੋਮਿਨ ਲਿਕ ਦੀ ਕੀਮਤ 200 ਰੁਪਏ ਪ੍ਰਤੀ ਕਿੱਲੋ ਹੈ। ਇਹ ਧਾਂਤਾ ਦਾ ਚੂਰਾ ਅਤੇ ਪਸ਼ੂ ਚਾਟ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਉਪਲੱਬਧ ਹੈ। ਇਸ ਤੋਂ ਇਲਾਵਾ ਇਹ ਮਿਨਰਲ ਮਿਕਚਰ (ਧਾਤਾਂ ਦਾ ਚੂਰਾ) ਬਹੁਤ ਸਾਰੀਆਂ ਫਾਰਮਾਸਿਊਟੀਕਲ ਕੰਪਨੀਆਂ ਦੁਆਰਾ ਵੀ ਤਿਆਰ ਕੀਤਾ ਜਾਂਦਾ ਹੈ ਜੋ ਕਿ ਬਹੁਤ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਉੱਪਰ ਉਪਲੱਬਧ ਹੈ।