ਕਰਿਆਨੇ ਦੇ ਦੁਕਾਨਦਾਰ ’ਤੇ ਜਾਨਲੇਵਾ ਹਮਲਾ, ਹਥਿਆਰਾਂ ਦੀ ਨੋਕ ’ਤੇ ਨਕਦੀ ਦੀ ਲੁੱਟ, ਲੁਟੇਰੇ ਫ਼ਰਾਰ
ਕਰਿਆਨੇ ਦੇ ਦੁਕਾਨਦਾਰ ’ਤੇ ਜਾਨਲੇਵਾ ਹਮਲਾ, ਹਥਿਆਰਾਂ ਦੀ ਨੋਕ ’ਤੇ ਨਕਦੀ ਦੀ ਲੁੱਟ, ਲੁਟੇਰੇ ਫ਼ਰਾਰ
Publish Date: Sat, 28 Feb 2026 06:11 PM (IST)
Updated Date: Sat, 28 Feb 2026 06:13 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਨੇੜਲੇ ਪਿੰਡ ਤਿਉੜ ’ਚ ਬੀਤੀ ਰਾਤ ਇਕ ਦਿਲ ਦਹਿਲਾ ਦੇਣ ਵਾਲੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਅਣਪਛਾਤੇ ਲੁਟੇਰਿਆਂ ਨੇ ਪਿੰਡ ਦੇ ਕਰਿਆਨੇ ਦੇ ਦੁਕਾਨਦਾਰ ਮੁਕੇਸ਼ ਕੁਮਾਰ ਉਰਫ਼ ‘ਤੋਤਾ’ ’ਤੇ ਜਾਨਲੇਵਾ ਹਮਲਾ ਕਰ ਕੇ ਦੁਕਾਨ ’ਚੋਂ ਨਕਦੀ ਲੁੱਟ ਲਈ ਅਤੇ ਉਸਨੂੰ ਅਧਮਰੀ ਹਾਲਤ ਵਿਚ ਛੱਡ ਕੇ ਫ਼ਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਰਾਤ ਦੇ ਸਮੇਂ ਮੁਕੇਸ਼ ਕੁਮਾਰ ਆਪਣੀ ਰੋਜ਼ਾਨਾ ਵਾਂਗ ਦੁਕਾਨ ’ਤੇ ਹਿਸਾਬ ਕਿਤਾਬ ਕਰ ਰਿਹਾ ਸੀ। ਇਸ ਦੌਰਾਨ ਦੋ ਜਾਂ ਤਿੰਨ ਅਣਪਛਾਤੇ ਨੌਜਵਾਨ ਮੂੰਹ ਢੱਕ ਕੇ ਦੁਕਾਨ ’ਚ ਦਾਖ਼ਲ ਹੋਏ। ਸ਼ੁਰੂ ਵਿਚ ਉਨ੍ਹਾਂ ਨੇ ਖ਼ਰੀਦਦਾਰੀ ਦਾ ਡਰਾਮਾ ਕੀਤਾ ਪਰ ਕੁਝ ਪਲ਼ਾਂ ਬਾਅਦ ਹਥਿਆਰਾਂ ਦੀ ਨੋਕ ’ਤੇ ਨਕਦੀ ਦੀ ਮੰਗ ਕੀਤੀ। ਵਿਰੋਧ ਕਰਨ ’ਤੇ ਲੁਟੇਰਿਆਂ ਨੇ ਦੁਕਾਨਦਾਰ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਹਮਲਾਵਰ ਦੁਕਾਨ ਦੇ ਕਾਊਂਟਰ ਵਿਚੋਂ ਨਕਦੀ ਲੈ ਕੇ ਫ਼ਰਾਰ ਹੋ ਗਏ ਪਰ ਲੁਟੇਰੇ ਆਪਣਾ ਮੋਟਰਸਾਈਕਲ ਮੌਕੇ ’ਤੇ ਹੀ ਛੱਡ ਗਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੋਟਰਸਾਈਕਲ ਦੀ ਰਜਿਸਟਰੇਸ਼ਨ ਨੰਬਰ ਪਲੇਟ ਦੇ ਆਧਾਰ ’ਤੇ ਪੁਲਿਸ ਨੂੰ ਦੋਸ਼ੀਆਂ ਤੱਕ ਪਹੁੰਚਣ ਵਿਚ ਮਦਦ ਮਿਲ ਸਕਦੀ ਹੈ। ਘਟਨਾ ਦੀ ਸੁਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ। ਜ਼ਖ਼ਮੀ ਮੁਕੇਸ਼ ਕੁਮਾਰ ਨੂੰ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਦਾ ਇਲਾਜ ਜਾਰੀ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਇਸ ਵਾਰਦਾਤ ਕਾਰਨ ਪਿੰਡ ਅਤੇ ਨੇੜਲੇ ਇਲਾਕਿਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਵਪਾਰੀਆਂ ਨੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਅਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਮੌਕੇ ’ਤੇ ਮਿਲੇ ਮੋਟਰਸਾਈਕਲ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।