ਵਪਾਰ ਸਮਝੌਤੇ ਨਾਲ ਕਿਸਾਨਾਂ ਦਾ ਹੋਵੇਗਾ ਵੱਡਾ ਨੁਕਸਾਨ : ਟਿੰਕੂ
ਵਪਾਰ ਸਮਝੌਤੇ ਨਾਲ ਕਿਸਾਨਾਂ ਦਾ ਹੋਵੇਗਾ ਵੱਡਾ ਨੁਕਸਾਨ : ਵਿਜੇ ਸ਼ਰਮਾ ਟਿੰਕੂ
Publish Date: Sun, 15 Feb 2026 05:40 PM (IST)
Updated Date: Sun, 15 Feb 2026 05:42 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਕੇਂਦਰ ਦੀ ਮੋਦੀ ਸਰਕਾਰ ਨੇ ਭਾਰਤ ਦੇਸ਼ ਦੇ ਹਿੱਤਾਂ ਦੇ ਉਲਟ ਅਮਰੀਕਾ ਨਾਲ ਅਜਿਹਾ ਵਪਾਰ ਸਮਝੌਤਾ ਕੀਤਾ ਹੈ, ਜੋ ਦੇਸ਼ ਦੇ ਮਿਹਨਤਕਸ਼ ਅਵਾਮ ਦੇ ਹਿੱਤਾਂ ਦਾ ਘਾਣ ਕਰੇਗਾ ਅਤੇ ਦੇਸ਼ ਲਈ ਵੀ ਨੁਕਸਾਨ ਦੇ ਸਾਬਤ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਕਾਂਗਰਸ ਪਾਰਟੀ ਖਰੜ ਨੇ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਕਾਨੂੰਨ ਲਿਆਂਦੇ ਜਾ ਰਹੇ ਹਨ, ਜੋ ਮਜ਼ਦੂਰਾਂ, ਕਿਸਾਨਾਂ ਦੇ ਲੰਮੇ ਸਮੇਂ ਤੋਂ ਜ਼ੋਰਦਾਰ ਸੰਘਰਸ਼ ਰਾਹੀਂ ਕਮਾਏ ਅਧਿਕਾਰਾਂ ਨੂੰ ਖ਼ਤਰੇ ’ਚ ਪਾ ਰਹੇ ਹਨ। ਵਿਜੇ ਸ਼ਰਮਾ ਟਿੰਕੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ ਸਾਲਾ ਦੌਰਾਨ ਅਜਿਹੀਆਂ ਨੀਤੀਆਂ ਚਲਾਈਆਂ ਹਨ, ਜੋ ਸਿੱਧੇ ਤੌਰ ’ਤੇ ਵੱਡੇ ਪੂੰਜੀਪਤੀ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿੱਤਪਾਲ ਦੀਆਂ ਹਨ ਅਤੇ ਨਤੀਜੇ ਵਜੋਂ ਦੇਸ਼ ਦੇ ਮਿਹਨਤਕਸ਼ ਅਵਾਮ ਕਿਸਾਨ, ਮਜ਼ਦੂਰ, ਖੇਤ ਮਜ਼ਦੂਰ, ਮੁਲਾਜ਼ਮਾਂ ਅਤੇ ਛੋਟੇ ਕਾਰੋਬਾਰੀਆਂ ਲਈ ਨਵੀਂਆਂ ਮੁਸੀਬਤਾਂ ਖੜ੍ਹੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਨੇ ਸਭ ਤੋਂ ਵੱਧ ਕਿਸਾਨ ਤੇ ਮਜ਼ਦੂਰ ਵਰਗ ’ਤੇ ਵਾਰ ਕੀਤਾ ਹੈ। ਟਿੰਕੂ ਨੇ ਕਿਹਾ ਕਿ ਭਾਰਤ-ਅਮਰੀਕਾ ਵਪਾਰ ਨਾਲ ਖੇਤੀਬਾੜੀ ਅਤੇ ਦੁੱਧ ਉਤਪਾਦਕ ਡੇਅਰੀ ਖੇਤਰਾਂ ’ਤੇ ਬਹੁਤ ਵੱਡਾ ਪ੍ਰਭਾਵ ਪਵੇਗਾ। ਭਾਰਤੀ ਖੇਤੀਬਾੜੀ ਖੇਤਰ ਪਹਿਲਾਂ ਹੀ ਲਾਗਤਾਂ, ਕਰਜ਼ਿਆਂ ਅਤੇ ਬਾਜ਼ਾਰ ਆਹਨਿਸ਼ਚਤਾਵਾਂ ਨਾਲ ਜੂਝ ਰਿਹਾ ਹੈ।