ਆਪਣੇ ਹੱਕਾਂ ਲਈ ਹੁਣ ਆਰ-ਪਾਰ ਦੀ ਲੜਾਈ ਲੜਨਗੇ ਕਿਸਾਨ : ਕਰਾਲਾ
ਆਪਣੇ ਹੱਕਾਂ ਲਈ ਹੁਣ ਆਰ-ਪਾਰ ਦੀ ਲੜਾਈ ਲੜਨਗੇ ਕਿਸਾਨ,
Publish Date: Mon, 13 Apr 2026 06:26 PM (IST)
Updated Date: Mon, 13 Apr 2026 06:31 PM (IST)

- ਗਮਾਡਾ ਦੇ ਬਾਹਰ ਕਿਸਾਨਾਂ ਦੀ ਭੁੱਖ ਹੜਤਾਲ 19ਵੇਂ ਦਿਨ ’ਚ ਦਾਖ਼ਲ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਗਮਾਡਾ ਦੀ ਜ਼ਮੀਨਾਂ ਐਕਵਾਇਰ ਕਰਨ ਦੀ ਨੀਤੀ ਖ਼ਿਲਾਫ਼ ਕਿਸਾਨ ਇਨਸਾਫ਼ ਮੋਰਚਾ ਦੇ ਬੈਨਰ ਹੇਠ ਬੀਤੀ 25 ਮਾਰਚ ਤੋਂ ਇਲਾਕੇ ਦੇ ਕਿਸਾਨ ਗਮਾਡਾ ਦਫ਼ਤਰ ਦੇ ਬਾਹਰ ਲੜੀਵਾਰ ਭੁੱਖ ਹੜਤਾਲ ’ਤੇ ਬੈਠੇ ਹਨ। ਸੋਮਵਾਰ ਨੂੰ ਕਿਸਾਨਾਂ ਦੀ ਭੁੱਖ ਹੜਤਾਲ 19ਵੇਂ ਦਿਨ ’ਚ ਦਾਖ਼ਲ ਹੋ ਗਈ। ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਤੇ ਸਰਪੰਚ ਲਖਵਿੰਦਰ ਸਿੰਘ ਕਰਾਲਾ ਸਮੇਤ ਪਿੰਡ ਸਿਆਊ ਦੇ ਕਿਸਾਨ ਜਿਨ੍ਹਾਂ ਵਿਚ ਹਰਜੀਤ ਸਿੰਘ ਸਿਆਊ, ਗੁਰਵਿੰਦਰ ਸਿੰਘ ਸਿਆਊ, ਨਰਿੰਦਰ ਸਿੰਘ, ਗੁਰਮੀਤ ਸਿੰਘ, ਗੁਰਜਿੰਦਰ ਸਿੰਘ, ਹਰਬੰਸ ਸਿੰਘ ਪੱਤੋਂ ਅਤੇ ਹਰਜੀਤ ਸਿੰਘ ਬੜੀ ਭੁੱਖ ਹੜਤਾਲ ’ਤੇ ਬੈਠੇ ਅਤੇ ਪੰਜਾਬ ਸਰਕਾਰ ਤੇ ਗਮਾਡਾ ਅਧਿਕਾਰੀਆਂ ਨੂੰ ਰੱਜ ਕੇ ਕੋਸਿਆ। ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਗਮਾਡਾ ਨੂੰ ਆਪਣੀਆਂ ਜ਼ਮੀਨਾਂ ਐਕਵਾਇਰ ਨਹੀਂ ਕਰਨ ਦੇਣਗੇ ਅਤੇ ਹੁਣ ਉਹ ਆਪਣੇ ਹੱਕਾਂ ਲਈ ਆਰ-ਪਾਰ ਦੀ ਲੜਾਈ ਲੜਨ ਤੋਂ ਪਿੱਛੇ ਨਹੀਂ ਹਟਣਗੇ ਅਤੇ ਆਉਂਦੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਏਅਰੋਟ੍ਰੋਪੋਲਿਸ ਦੀਆਂ ਏ, ਬੀ, ਸੀ, ਡੀ, ਪਾਕਿਟਾਂ ਲਈ ਕਈ ਸਾਲ ਪਹਿਲਾਂ ਐਕਵਾਇਰ ਕੀਤੀਆਂ ਜ਼ਮੀਨਾਂ ਵਿਚ ਹਾਲੇ ਤੱਕ ਕੁੱਝ ਨਹੀਂ ਕੀਤਾ ਗਿਆ ਤਾਂ ਹੁਣ ਦਰਜਨਾਂ ਹੋਰ ਪਿੰਡਾਂ ਦੀਆਂ ਜ਼ਮੀਨਾਂ ਕਿਉਂ ਖੋਹੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਨੇ ਆਪਣੀ ਜਿੱਦ ਨਾ ਛੱਡੀ ਤਾਂ ਆਉਂਦੇ ਦਿਨਾਂ ਵਿਚ ਗੁਪਤ ਐਕਸ਼ਨ ਕੀਤੇ ਜਾਣਗੇ ਅਤੇ ਕਣਕ ਦੀ ਵਾਢੀ ਦਾ ਕੰਮ ਮੁਕਾ ਕੇ ਇਲਾਕੇ ਦੇ ਕਿਸਾਨ ਵਾਰੋ-ਵਾਰੀ ਆਪਣੇ ਪਰਿਵਾਰਾਂ ਸਮੇਤ ਲੜੀਵਾਰ ਧਰਨੇ ’ਤੇ ਬੈਠਿਆ ਕਰਨਗੇ। ਉਨ੍ਹਾਂ ਚਤਾਵਨੀ ਦਿੱਤੀ ਕਿ ਸੂਬਾ ਸਰਕਾਰ ਅਤੇ ਗਮਾਡਾ ਕਿਸਾਨਾਂ ਦੇ ਸਬਰ ਦੀ ਹੋਰ ਪ੍ਰੀਖਿਆ ਨਾ ਲਵੇ, ਨਹੀਂ ਤਾਂ ਸਿੱਟੇ ਭੁਗਤਨ ਲਈ ਤਿਆਰ ਰਹੇ।