ਲੈਂਡ ਮਾਰਗੇਜ਼ ਬੈਂਕ ਦਾ ਮੁੱਖ ਦਫ਼ਤਰ ਘੇਰਨ ਜਾ ਰਹੇ ਕਿਸਾਨ ਰਾਹ ’ਚ ਰੋਕੇ
ਲੈਂਡ ਮਾਰਗੇਜ਼ ਬੈਂਕ ਦਾ ਮੁੱਖ ਦਫ਼ਤਰ ਘੇਰਨ ਜਾ ਰਹੇ ਕਿਸਾਨ ਰਾਹ ਵਿਚ ਰੋਕੇ,
Publish Date: Mon, 01 Jun 2026 07:25 PM (IST)
Updated Date: Mon, 01 Jun 2026 07:26 PM (IST)

- ਸਿੱਖਿਆ ਬੋਰਡ ਦੇ ਪਿੱਛੇ ਨੇਚਰ ਪਾਰਕ ਨੇੜੇ ਸੜਕ ’ਤੇ ਧਰਨਾ ਲਾ ਕੇ ਬੈਠੇ ਕਿਸਾਨ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਸੋਮਵਾਰ ਨੂੰ ਲੈਂਡ ਮਾਰਗੇਜ਼ ਬੈਂਕ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਨੂੰ ਘੇਰਨ ਜਾ ਰਹੇ ਕਿਸਾਨਾਂ ਨੂੰ ਮੁਹਾਲੀ ਪੁਲਿਸ ਨੇ ਰਾਹ ਵਿਚ ਬੈਰੀਕੇਡ ਲਗਾ ਕੇ ਰੋਕ ਲਿਆ। ਜਿਸ ਕਾਰਨ ਕਿਸਾਨ ਸਿੱਖਿਆ ਬੋਰਡ ਦੇ ਪਿੱਛੇ ਨੇਚਰ ਪਾਰਕ ਨੇੜੇ ਚੰਡੀਗੜ੍ਹ ਨੂੰ ਜਾਣ ਵਾਲੀ ਸੜਕ ’ਤੇ ਧਰਨਾ ਲਗਾ ਕੇ ਬੈਠ ਗਏ। ਕਿਸਾਨ ਖ਼ੁਦਕੁਸ਼ੀਆਂ ਦੇ ਮਾਮਲੇ ਵਿਚ ਕਿਸਾਨਾਂ ਵੱਲੋਂ ਮੁਹਾਲੀ ਸਮੇਤ ਵੱਖ-ਵੱਖ ਜ਼ਿਲ੍ਹਿਆਂ ਲੈਂਡ ਮਾਰਗੇਜ਼ ਬੈਂਕਾਂ ਦੇ ਬਾਹਰ ਲੜੀਵਾਰ ਧਰਨੇ ਦਿੱਤੇ ਜਾ ਰਹੇ ਹਨ। ਵੱਡੀ ਗਿਣਤੀ ਵਿਚ ਕਿਸਾਨ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋਏ ਅਤੇ ਉੱਥੋਂ ਪੈਦਲ ਹੀ ਚੰਡੀਗੜ੍ਹ ਵੱਲ ਚਾਲੇ ਪਾ ਦਿੱਤੇ। ਪੁਲਿਸ ਨੇ ਬੈਰੀਕੇਡ ਲਗਾ ਕੇ ਕਿਸਾਨਾਂ ਦਾ ਰਾਹ ਰੋਕ ਲਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਟਿਵਾਣਾ, ਬਲਾਕ ਮੁਹਾਲੀ ਦੇ ਪ੍ਰਧਾਨ ਤਰਲੋਚਨ ਸਿੰਘ ਨਡਿਆਲੀ, ਕਾਕਾ ਸਿੰਘ ਕੋਟਲਾ, ਮਾਨ ਸਿੰਘ ਰਾਜਪੁਰਾ, ਜਸਪਾਲ ਸਿੰਘ ਭਾਂਖਰਪੁਰ ਅਤੇ ਹੋਰ ਆਗੂ ਮੌਜੂਦ ਹਨ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਲੈਂਡ ਮਾਰਗੇਜ਼ ਬੈਂਕ ਦੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੁਹਾਲੀ ਪ੍ਰਸ਼ਾਸਨ ਵੱਲੋਂ ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਕਿਸਾਨ ਆਗੂਆਂ ਦੀ ਸਹਿਕਾਰੀ ਬੈਂਕ ਪੰਜਾਬ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਕਰਵਾਈ ਅਤੇ ਅਧਿਕਾਰੀਆਂ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦਾ ਮੰਗਣ ਦਾ ਭਰੋਸਾ ਦਿੱਤਾ। ਕਿਸਾਨਾਂ ਦੇ ਮਸਲਿਆਂ ਸਬੰਧੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਉੱਚ ਤਾਕਤੀ ਕਮੇਟੀਆਂ ਗਠਨ ਕਰਨ ਦੀ ਗੱਲ ਕਹੀ ਗਈ। ਇਨ੍ਹਾਂ ਜ਼ਿਲ੍ਹਾ ਕਮੇਟੀਆਂ ਵਿਚ ਸਬੰਧਿਤ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ, ਐੱਸਐੱਸਪੀ, ਬੈਂਕ ਦਾ ਅਧਿਕਾਰੀ ਅਤੇ ਕਿਸਾਨ ਜਥੇਬੰਦੀ ਦਾ ਨੁਮਾਇੰਦਾ ਸ਼ਾਮਲ ਹੋਵੇਗਾ। ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਬੈਂਕ ਅਧਿਕਾਰੀਆਂ ਵੱਲੋਂ ਕਿਸਾਨਾਂ ਵੱਲੋਂ ਲਏ ਗਏ ਖਾਲੀ ਚੈੱਕ ਵਾਪਸ ਕੀਤੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀ ਸੰਘੀ ਘੁੱਟ ਕੇ ਉਨ੍ਹਾਂ ਕੋਲੋਂ ਖਾਲੀ ਚੈੱਕ ਲੈਣ ਵਾਲੇ ਸਬੰਧਿਤ ਬੈਂਕ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ। ਇਸ ਤਰ੍ਹਾਂ ਬੈਂਕ ਅਧਿਕਾਰੀਆਂ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਆਪਣਾ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ। ਉਂਝ ਉਨ੍ਹਾਂ ਕਿਹਾ ਕਿ ਲੈਂਡ ਮਾਰਗੇਜ਼ ਬੈਂਕਾਂ ਦੇ ਬਾਹਰ ਚੱਲ ਰਹੇ ਲੜੀਵਾਰ ਧਰਨੇ ਪਹਿਲਾਂ ਵਾਂਗ ਜਾਰੀ ਰਹਿਣਗੇ।