ਕਿਸਾਨ ਦਾਲਾਂ ਦੀਆਂ ਫ਼ਸਲਾਂ ਦਾ ਰਕਬਾ ਵਧਾਉਣ : ਮੁੱਖ ਖੇਤੀਬਾੜੀ ਅਫ਼ਸਰ
ਕਿਸਾਨ ਦਾਲਾਂ ਦੀਆਂ ਫ਼ਸਲਾਂ ਦਾ ਰਕਬਾ ਵਧਾਉਣ : ਮੁੱਖ ਖੇਤੀਬਾੜੀ ਅਫ਼ਸਰ
Publish Date: Thu, 12 Mar 2026 05:34 PM (IST)
Updated Date: Thu, 12 Mar 2026 05:36 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮਿਸ਼ਨ ‘ਆਤਮ ਨਿਰਭਰਤਾ’ ਅਧੀਨ ਪੰਜਾਬ ਸਰਕਾਰ ਵੱਲੋਂ ਸੱਠੀ ਮੂੰਗੀ ਦਾ ਬੀਜ ਕਿਸਮ ਐੱਸਐੱਮਐੱਲ 1827 ਕਿਸਾਨਾਂ ਨੂੰ ਸਬਸਿਡੀ ’ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਤਿੰਨ ਕੁਇੰਟਲ ਬੀਜ ਪ੍ਰਾਪਤ ਹੋਇਆ ਹੈ, ਜੋ 50 ਰੁਪਏ ਸਬਸਿਡੀ ਕੱਟ ਕੇ 95/- ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤਾ ਜਾਵੇਗਾ। ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਖਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜ਼ਿਲ੍ਹੇ ਦੇ ਕਿਸਾਨ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ, ਫ਼ਸਲੀ ਵਿਭਿੰਨਤਾ ਅਪਨਾਉਣ ਅਤੇ ਦਿਨੋਂ ਦਿਨ ਪਾਣੀ ਦੇ ਘੱਟਦੇ ਪੱਧਰ ਨੂੰ ਬਚਾਉਣ ਲਈ ਵੱਧ ਤੋਂ ਵੱਧ ਰਕਬੇ ਵਿਚ ਦਾਲਾਂ ਦੀ ਬਿਜਾਈ ਕਰਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਐੱਸਐੱਮਐੱਲ 1827 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਕੀਤੀ ਗਈ ਹੈ। ਇਸ ਦਾ ਪ੍ਰਤੀ ਏਕੜ 12 ਕਿਲੋ ਬੀਜ ਪੈਂਦਾ ਹੈ ਅਤੇ ਇਸ ਦਾ ਔਸਤਨ ਝਾੜ 5 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਤਕਰੀਬਨ 62 ਦਿਨਾਂ ਵਿਚ ਪੱਕੀ ਜਾਂਦੀ ਹੈ ਅਤੇ ਇਹ ਕਿਸਮ ਪੀਲੀ ਚਿੱਤਕਬਰੀ ਰੋਗ ਦਾ ਟਾਕਰਾ ਕਰਨ ਦੇ ਸਮੱਰਥ ਹੈ। ਇਸ ਕਿਸਮ ਦੀ ਬਿਜਾਈ ਦਾ ਢੁਕਵਾਂ ਸਮਾਂ 20 ਮਾਰਚ ਤੋਂ 10 ਅਪ੍ਰੈਲ ਹੈ। ਦਾਲਾਂ ਦੀ ਖੇਤੀ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਿਚ ਮੱਦਦ ਕਰਦੀ ਹੈ ਕਿਉਂਕਿ ਇਹ ਫ਼ਸਲਾਂ ਕੁਦਰਤੀ ਤੌਰ ’ਤੇ ਜ਼ਮੀਨ ਵਿਚ ਨਾਈਟਰੋਜਨ ਨੂੰ ਠੀਕ ਕਰਦੀਆਂ ਹਨ। ਇਸ ਨਾਲ ਕਿਸਾਨਾਂ ਨੂੱ ਖਾਦਾਂ ’ਤੇ ਹੋਣ ਵਾਲੇ ਖਰਚੇ ਵਿਚ ਵੱਡੀ ਰਾਹਤ ਮਿਲੇਗੀ ਅਤੇ ਆਰਥਿਕ ਤੌਰ ’ਤੇ ਵਧੇਰੇ ਟਿਕਾਊ ਬਣ ਸਕੇਗੀ। ਉਨ੍ਹਾਂ ਕਿਹਾ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਦਾਲਾਂ ਦੀ ਖੇਤੀ ਸਬੰਧੀ ਕੈਂਪ ਲੱਗਾ ਕੇ ਜਾਣਕਾਰੀ ਦਿੱਤੀ ਜਾ ਰਹੀ ਹੈ। ਸੱਠੀ ਮੂੰਗੀ ਦਾ ਬੀਜ ਪ੍ਰਾਪਤ ਕਰਨ ਲਈ ਕਿਸਾਨ ਬਲਾਕ ਖੇਤੀਬਾੜੀ ਅਫ਼ਸਰਾਂ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਸਬਸਿਡੀ ਦਾ ਬੀਜ ਪ੍ਰਾਪਤ ਕਰਕੇ ਢੁੱਕਵੇਂ ਸਮੇਂ ’ਤੇ ਬਿਜਾਈ ਕੀਤੀ ਜਾ ਸਕੇ।