ਐੱਸਕੇਐੱਮ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ
ਐੱਸਕੇਐੱਮ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ, ਹਲਕਾ ਵਿਧਾਇਕ ਦੇ ਦਫ਼ਤਰ ਅੱਗੇ ਕੀਤੀ ਨਾਅਰੇਬਾਜ਼ੀ
Publish Date: Sun, 22 Feb 2026 05:33 PM (IST)
Updated Date: Sun, 22 Feb 2026 05:36 PM (IST)

ਹਲਕਾ ਵਿਧਾਇਕ ਦੇ ਦਫ਼ਤਰ ਅੱਗੇ ਕੀਤੀ ਨਾਅਰੇਬਾਜ਼ੀ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਵੱਖ-ਵੱਖ ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਦਫ਼ਤਰ ਮੂਹਰੇ ਸਵੇਰੇ 11:00 ਵਜੇ ਤੋਂ ਲੈ ਕੇ 2 :00 ਵਜੇ ਤੱਕ ਧਰਨਾ ਦਿੱਤਾ ਗਿਆ। ਇਸ ਧਰਨੇ ’ਚ ਬੁਲਾਰਿਆਂ ਨੇ ਭਾਰਤ-ਅਮਰੀਕਾ ਵਪਾਰ ਸਮਝੌਤਾ, ਬਿਜਲੀ ਬਿੱਲ 2025, ਬੀਜ ਬਿੱਲ, ਮਨਰੇਗਾ ਦੀ ਥਾਂ ਬਣਾਈ ਵੀਬੀ ਜੀ ਰਾਮ ਜੀ ਸਕੀਮ ਤੇ ਚਾਰ ਲੇਬਰ ਕੋਡ ਆਦਿ ਨਾਲ ਹਰ ਵਰਗ ਨੂੰ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਬੁਲਾਰਿਆਂ ਨੇ ਕਿਹਾ ਕਿ ਭਾਵੇਂ ਇਹ ਸਾਰੇ ਕਾਨੂੰਨ ਕੇਂਦਰ ਸਰਕਾਰ ਦੀ ਦੇਣ ਹਨ ਪਰ ਇਸ ਮਾਮਲੇ ਵਿਚ ਪੰਜਾਬ ਸਰਕਾਰ ਦੀ ਸਾਜ਼ਿਸ਼ੀ ਚੁੱਪ ਵੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ ਤੇ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਵੀ ਕੇਂਦਰ ਨਾਲ ਮਿਲ ਕੇ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾ ਰਹੀ ਹੈ। ਧਰਨੇ ਦੌਰਾਨ ਬਠਿੰਡਾ ਵਿਚ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਦੀ ਵੀ ਨਿਖੇਧੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪਹਿਲਾਂ ਵੀ ਕਿਸਾਨਾਂ ਨੇ ਲੰਮੀ ਲੜਾਈ ਲੜ ਕੇ ਤਿੰਨ ਲੋਕ ਵਿਰੋਧੀਆਂ ਕਾਲੇ ਕਾਨੂੰਨ ਰੱਦ ਕਰਵਾਏ ਸਨ ਪਰ ਹੁਣ ਫਿਰ ਉਹ ਕਾਨੂੰਨ ਨਾਮ ਬਦਲ ਕੇ ਅਤੇ ਵੱਖਰੇ ਰੂਪ ਵਿਚ ਲੋਕਾਂ ’ਚ ਲਿਆਂਦੇ ਜਾ ਰਹੇ ਹਨ। ਇਹ ਸਾਰੇ ਕਾਨੂੰਨ ਨਿਰੋਲ ਵਪਾਰੀਆਂ ਦੇ ਹਿੱਤ ਪੂਰਨ ਵਾਲੇ ਹਨ। ਬੁਲਾਰਿਆਂ ਨੇ ਕਿਹਾ ਕਿ ਇਸ ਮਾਮਲੇ ਵਿਚ ਸਾਨੂੰ ਇਕਜੁੱਟ ਹੋ ਕੇ ਨਿਰੰਤਰ ਲੜਾਈ ਲੜਨੀ ਪਵੇਗੀ। ਇਸ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੋਂ ਲਖਵਿੰਦਰ ਸਿੰਘ ਹੈਪੀ ਮਲਕਪੁਰ, ਜਵਾਲਾ ਸਿੰਘ ਫ਼ੌਜੀ ਖੇੜੀ ਜੱਟਾਂ, ਗੁਰਭਜਨ ਸਿੰਘ ਸੈਣੀ ਧਰਮਗੜ੍ਹ, ਕੁੱਲ ਹਿੰਦ ਕਿਸਾਨ ਸਭਾ ਤੋਂ ਕਾਮਰੇਡ ਸ਼ਿਆਮ ਲਾਲ ਹੈਬਤਪੁਰ, ਕਾਮਰੇਡ ਚੰਦਰਪਾਲ ਲਾਲੜੂ, ਕਾਮਰੇਡ ਫੂਲ ਚੰਦ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੋਂ ਰਣਜੀਤ ਸਿੰਘ ਰਾਣਾ, ਦਰਸ਼ਨ ਸਿੰਘ ਫਤਿਹਪੁਰ, ਹਰਬੰਸ ਸਿੰਘ ਧਨੌਨੀ, ਪੁਆਧ ਕਿਸਾਨ ਯੂਨੀਅਨ ਤੋਂ ਤਰਲੋਚਨ ਸਿੰਘ, ਰਾਜਿੰਦਰ ਸਿੰਘ, ਰੁਸਤਮ ਮੋਰਿੰਡਾ, ਆਲ ਇੰਡੀਆ ਕਿਸਾਨ ਸਭਾ ਤੋਂ ਬਲਵਿੰਦਰ ਸਿੰਘ ਜੜੌਤ, ਸੁਰਿੰਦਰ ਸਿੰਘ ਜੜੌਤ, ਮਹਿੰਦਰ ਸਿੰਘ ਸਰਸੀਣੀ, ਜ਼ਮਹੂਰੀ ਕਿਸਾਨ ਸਭਾ ਤੋਂ ਗੁਰਵਿੰਦਰ ਸਿੰਘ ਚੌਦਹੇੜੀ, ਸੁਰਜਨ ਸਿੰਘ, ਦਲਬੀਰ ਸਿੰਘ, ਬਿਜਲੀ ਵਿਭਾਗ ਤੋਂ ਏਕਮ ਸਿੱਧੂ ਸਕੱਤਰ ਸੀਐੱਚਬੀ ਠੇਕਾ ਮੁਲਾਜ਼ਮ, ਪੈਨਸ਼ਨਰਜ਼ ਐਸੋਸੀਏਸ਼ਨ ਤੋਂ ਰਜਿੰਦਰ ਕੁਮਾਰ ਤੇ ਲਵਦੀਪ ਕੁਮਾਰ ਆਦਿ ਨੇ ਸੰਬੋਧਨ ਕੀਤਾ।