ਡੀਸੀ ਦਫ਼ਤਰ ਦੇ ਸਾਹਮਣੇ ਕਿਸਾਨ ਆਗੂਆਂ ਨੇ ਪੁਤਲੇ ਫੂਕੇ
ਡੀਸੀ ਦਫ਼ਤਰ ਦੇ ਸਾਹਮਣੇ ਕਿਸਾਨ ਆਗੂਆਂ ਨੇ ਪੁਤਲੇ ਫੂਕੇ
Publish Date: Tue, 17 Feb 2026 05:33 PM (IST)
Updated Date: Tue, 17 Feb 2026 05:36 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਡੀਸੀ ਦਫ਼ਤਰ ਦੇ ਸਾਹਮਣੇ ਸ਼ੇਰ-ਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਅਤੇ ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ ਦੀ ਅਗਵਾਈ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ ਗਏ। ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ 2025 ਬਿਜਲੀ ਸੋਧ ਬਿੱਲ, ਬਿਜਲੀ ਦਾ ਨਿੱਜੀਕਰਨ, ਚਿੱਪ ਵਾਲੇ ਮੀਟਰ ਜ਼ਬਰਦਸਤੀ ਲਾਉਣੇ, ਸੀਡ ਬਿੱਲ, ਬਾਹਰਲੇ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਅਤੇ ਕਿਸਾਨ ਮਾਰੂ, ਸਹਾਇਕ ਧੰਦਿਆਂ ਨੂੰ ਤੈਸ਼-ਨੈਸ਼ ਕਰਨ ਲਈ ਹਰ ਰੋਜ਼ ਨਵੇਂ ਨਵੇਂ ਕਾਨੂੰਨ ਲਿਆ ਰਹੀ ਹੈ। ਇਨ੍ਹਾਂ ਕਾਨੂੰਨਾਂ ਨਾਲ ਜਿੱਥੇ ਖੇਤੀ ਸੈਕਟਰ ਤਬਾਹ ਹੋਵੇਗਾ, ਉੱਥੇ ਡੇਅਰੀ ਫਾਰਮ, ਪੋਲਟਰੀ ਫਾਰਮ ਇਨ੍ਹਾਂ ’ਤੇ ਵੀ ਬਹੁਤ ਭਾਰੀ ਸੱਟ ਵੱਜੇਗੀ ਅਤੇ ਮੋਦੀ ਸਰਕਾਰ ਕਾਰਪੋਰੇਟ ਨੂੰ ਫਾਇਦੇ ਦੇਣ ਲਈ ਇਹੋ ਜਿਹੇ ਕਾਨੂੰਨ ਲਿਆ ਰਹੀ ਹੈ ਪਰ ਬੜੇ ਅਫਸੋਸ ਦੀ ਗੱਲ ਪੰਜਾਬ ਸਰਕਾਰ ਅਤੇ ਵਿਰੋਧੀ ਧਿਰ ਵੀ ਮੋਨ ਧਾਰਨ ਕਰਕੇ ਬੈਠੀ ਹੈ। ਇਨ੍ਹਾਂ ਦੀ ਚੁੱਪ ਵੀ ਮੋਦੀ ਸਰਕਾਰ ਨਾਲ ਅੰਦਰ ਖਾਤੇ ਮਿਲੀਭੁਗਤ ਨਜ਼ਰ ਆ ਰਹੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਇਨ੍ਹਾਂ ਸਮਝੌਤਿਆਂ ਦਾ ਅਸੀਂ ਸਖ਼ਤ ’ਤੇ ਸਖ਼ਤ ਵਿਰੋਧ ਕਰਦੇ ਰਹਾਂਗੇ। ਪੰਜਾਬ ਸਰਕਾਰ ਹਰ ਰੋਜ਼ ਬਿਜਲੀ ਵਿਭਾਗ ਮਹਿਕਮੇ ਦੀਆਂ ਜਾਇਦਾਦਾਂ ਵੇਚ ਰਹੀ ਅਤੇ ਹੋਰ ਸਰਕਾਰੀ ਜ਼ਮੀਨਾਂ ਵੇਚ ਕੇ ਆਪਣੀ ਸਿਆਸੀ ਰੋਟੀਆਂ ਸੇਕ ਰਹੇ ਹਨ। ਭੰਗੂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਫ਼ਰਜ਼ਾਂ ਨੂੰ ਪਛਾਣੋ ਅਤੇ ਆਪਣੇ ਹੱਕ ਸੱਚ ਦੀ ਗੱਲ ਕਰਨ ਵਾਲੇ ਲੋਕਾਂ ਦਾ ਜ਼ਰੂਰ ਸਾਥ ਦਿਓ, ਆਪਣੀ ਕਿਸਾਨੀ, ਡੇਅਰੀ ਫਾਰਮ, ਪੋਲਟਰੀ ਫਾਰਮ ਨੂੰ ਬਚਾਉਣ ਲਈ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰੀਏ। ਇਸ ਮੌਕੇ ਆਗੂ ਕੁਲਵੀਰ ਸਿੰਘ ਬਾਕਰਪੁਰ, ਸਪਿੰਦਰ ਸਿੰਘ ਮੁੰਧੋਂ ਬਲਾਕ ਪ੍ਰਧਾਨ ਮਾਜਰੀ, ਜਗਬੀਰ ਸਿੰਘ ਘੜੂਆਂ, ਜੱਗਾ ਸਿੰਘ ਮੁੰਧੋਂ ਸੰਗਤੀਆਂ, ਹਰਨੇਕ ਸਿੰਘ ਨਿਉਲਕਾ, ਬਾਬਾ ਹਰਪਾਲ ਸਿੰਘ ਫ਼ਤਿਹਗੜ੍ਹ, ਦਰਸ਼ਨ ਸਿੰਘ ਦਈਆ ਮੌਲੀ, ਦਰਸ਼ਨ ਸਿੰਘ ਕੁੰਬੜਾ, ਭਿੰਦਾ ਘੜੂਆਂ, ਬਰਿੰਦਰ ਸਿੰਘ ਬਾਕਰਪੁਰ, ਪਰਵਿੰਦਰ ਸਿੰਘ ਮੋਹੀ, ਹਰਕੀਰਤ ਸਿੰਘ ਬਾਕਰਪੁਰ, ਜੀਤ ਔਲਖ, ਹਰਜੀਤ ਮੁਹਾਲੀ, ਮੁੱਖਵਾਲ ਸਿੰਘ ਫਿਰੋਜ਼ਪੁਰ, ਜਸਵੀਰ ਸਿੰਘ ਬਾਕਰਪੁਰ, ਮੁਹਾਲੀ, ਗੁਰਮੀਤ ਸਿੰਘ ਬਾਬਾ ਨਿਉਲਕਾ, ਨਰਿੰਦਰਜੀਤ ਫ਼ਤਿਹਗੜ੍ਹ ਆਦਿ ਕਿਸਾਨ ਆਗੂ ਤੇ ਮੈਂਬਰਾਨ ਹਾਜ਼ਰ ਸਨ।